ਅੰਮ੍ਰਿਤਸਰ ਦੇ ਰਾਣੀ ਬਾਗ਼ ਇਲਾਕੇ ਵਿੱਚ ਚਿੱਟੇ ਦਿਨ ਇੱਕ ਬੈਂਕ ਦੀ ਬਰਾਂਚ ਵਿੱਚ ਡਾਕਾ ਮਾਰੇ ਜਾਣ ਦੀ ਸੂਚਨਾ ਹੈ। ਵਾਰਦਾਤ ਪੰਜਾਬ ਨੈਸ਼ਨਲ ਬੈਂਕ ਦੀ ਹੈ, ਜਿਥੇ ਹਥਿਆਰਾਂ ਦੀ ਨੋਕ ‘ਤੇ ਲੁਟੇਰੇ ਲੱਖਾਂ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਾਂਚ ਅਰੰਭ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੈਂਕ ਵਿੱਚ ਕੋਈ ਵੀ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ, ਜਿਸਦਾ ਫਾਇਦਾ ਲੁਟੇਰਿਆਂ ਨੇ ਚੁੱਕਿਆ।
ਪੁਲਿਸ ਅਨੁਸਾਰ ਲੁੱਟ ਦੀ ਵਾਰਦਾਤ ਨੂੰ 2 ਨੌਜਵਾਨਾਂ ਨੇ ਅੰਜਾਮ ਦਿੱਤਾ ਹੈ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਦੋ ਲੁਟੇਰੇ ਆਏ ਸਨ, ਇੱਕ ਲੁਟੇਰਾ ਬੈਂਕ ਅੰਦਰ ਜਾਂਦਾ ਹੈ ਅਤੇ ਬੰਦੂਕ ਦੀ ਨੋਕ ‘ਤੇ ਕੈਸ਼ੀਅਰ ਨੂੰ ਸਾਰੇ ਪੈਸੇ ਲਿਫਾਫੇ ਵਿੱਚ ਪਾਉਣ ਲਈ ਕਹਿੰਦਾ ਹੈ।
ਪੁਲਿਸ ਅਨੁਸਾਰ ਇੱਕ ਲੁਟੇਰਾ ਮੋਟਰਸਾਈਕਲ ‘ਤੇ ਸਵਾਰ ਬੈਂਕ ਦੇ ਬਾਹਰ ਖੜਾ ਸੀ। ਜਿਵੇਂ ਹੀ ਕੈਸ਼ੀਅਰ ਨੇ ਪੈਸੇ ਪਾ ਕੇ ਦਿੱਤੇ ਤਾਂ ਲੁਟੇਰਾ ਪਹਿਲਾਂ ਤੋਂ ਹੀ ਤਿਆਰ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਫਰਾਰ ਹੋ ਗਿਆ। ਮੁਢਲੀ ਜਾਣਕਾਰੀ ਅਨੁਸਾਰ 20 ਲੱਖ ਰੁਪਏ ਤੋਂ ਵੱਧ ਦੀ ਲੁੱਟ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

