ਕਰਤਾਰਪੁਰ 29 ਅਗਸਤ,(ਜਸਵੰਤ ਵਰਮਾ) ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪਿੰਡ ਕਾਹਲਵਾਂ ਵਿਖੇ ਸਿਹਤ ਵਿਭਾਗ ਦੀ ਮੈਡੀਕਲ ਟੀਮ ਨੂੰ ਕੈਂਪ ’ਤੇ ਜਾਣ ਤੋਂ ਰੋਕਣ ਅਤੇ ਸਿਹਤ ਕਰਮਚਾਰੀਆਂ ਨੂੰ ਸੈਂਟਰਾਂ ’ਤੇ ਨਜ਼ਰਬੰਦ ਕਰਨ ਦੇ ਰੋਸ ਵਜੋਂ ਸਾਂਝੀ ਸੰਘਰਸ਼ ਕਮੇਟੀ ਸਿਹਤ ਵਿਭਾਗ ਦੀ ਅਗਵਾਈ ਹੇਠ ਸੈਂਕੜੇ ਮੁਲਾਜ਼ਮਾਂ ਵਲੋਂ ਅੱਜ ਅੰਬੇਡਕਰ ਚੌਂਕ ਕਰਤਾਰਪੁਰ ਵਿਖੇ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਸਵੇਰੇ 11 ਵਜੇ ਤੋਂ ਦੁਪਹਿਰ 1:30 ਵਜੇ ਤੱਕ ਚੱਲਿਆ। ਉਪਰੰਤ ਡੀ ਐੱਸ ਪੀ ਦਫ਼ਤਰ ਤੱਕ ਰੋਹ ਭਰਪੂਰ ਮੁਜ਼ਾਹਰਾ ਕਰਦੇ ਹੋਏ ਮੁਲਾਜ਼ਮਾਂ ਵਲੋਂ ਦਫ਼ਤਰ ਦੇ ਸਾਹਮਣੇ ਮੁੱਖ ਸੜਕ ਉੱਤੇ ਮੁੱਖ ਮੰਤਰੀ ਦੀ ਅਰਥੀ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਯੂਨੀਅਨ ਆਗੂਆਂ ਨੇ ਦੱਸਿਆ ਕਿ 27 ਅਗਸਤ ਨੂੰ ਸਾਰਾ ਦਿਨ ਭੁੱਖਣ ਭਾਣੇ ਪੁਲਿਸ ਵਲੋਂ ਬੰਧਕ ਬਣਾ ਕੇ ਰੱਖਣ ਵਾਲੇ ਮੁਲਾਜ਼ਮਾਂ ਦੀ ਇਸ ਟੀਮ ਵਿੱਚ ਡਾਕਟਰ, CHO, ANM, Male Health Workers, ਆਸ਼ਾ ਵਰਕਰਾਂ ਅਤੇ ਹੋਰ ਸਿਹਤ ਕਰਮਚਾਰੀ ਸ਼ਾਮਲ ਸਨ। ਇਹ ਕਰਮਚਾਰੀ ਆਪਣੀ ਡਿਊਟੀ ਅਨੁਸਾਰ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਤਿਆਰ ਸਨ, ਪਰ ਉਨ੍ਹਾਂ ਨੂੰ ਕੈਂਪ ’ਤੇ ਜਾਣ ਤੋਂ ਰੋਕ ਦਿੱਤਾ ਗਿਆ। ਖਾਸ ਤੌਰ ’ਤੇ ਕੰਟਰੈਕਟ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਦੀ ਸਟੇਟ ਪ੍ਰਧਾਨ ਸਰਬਜੀਤ ਕੌਰ ਦੀ ਡਿਊਟੀ 2:30 ਵਜੇ ਕੈਂਸਲ ਕਰਕੇ ਉਨ੍ਹਾਂ ਨੂੰ ਜ਼ਬਰਦਸਤੀ ਘਰ ਭੇਜ ਦਿੱਤਾ ਗਿਆ, ਜਦਕਿ ਬਾਕੀ ਸਿਹਤ ਵਿਭਾਗ ਦੇ ਸਟਾਫ ਨੂੰ ਸ਼ਾਮ 6 ਵਜੇ ਤੱਕ ਸਿਹਤ ਸੈਂਟਰ ’ਤੇ ਹੀ ਨਜ਼ਰਬੰਦ ਕਰਕੇ ਰੱਖਿਆ ਗਿਆ।
ਯੂਨੀਅਨ ਆਗੂਆਂ ਨੇ ਕਿਹਾ ਕਿ ਸਿਹਤ ਕਰਮਚਾਰੀ ਹਮੇਸ਼ਾ ਲੋਕਾਂ ਦੀ ਸੇਵਾ ਲਈ ਆਪਣੀ ਡਿਊਟੀ ਨਿਭਾਉਂਦੇ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਤਿੱਖੇ ਰੋਸ ਵਜੋਂ ਸਿਹਤ ਵਿਭਾਗ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸਰਕਾਰ ਵਿਰੁੱਧ ਇਹ ਪ੍ਰਦਰਸ਼ਨ ਕਰਨਾ ਪਿਆ ਅਤੇ ਮੁੱਖ ਮੰਤਰੀ ਦਾ ਪੁਤਲਾ ਫ਼ੂਕ ਕੇ ਨਾਅਰੇਬਾਜ਼ੀ ਕਰਨ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮ ਜਥੇਬੰਦੀਆਂ ਨਾਲ ਸਰਕਾਰ ਤਰੁੰਤ ਮੀਟਿੰਗਾਂ ਕਰਕੇ ਉਹਨਾਂ ਦੀਆਂ ਮੰਗਾਂ ਨੂੰ ਹੱਲ ਕੀਤਾ ਜਾਵੇ ਅਤੇ ਸਿਹਤ ਕਰਮਚਾਰੀਆਂ ਨੂੰ ਡਿਊਟੀ ਕਰਨ ਤੋਂ ਰੋਕਣਾ ਅਤੇ ਨਜ਼ਰਬੰਦ ਕਰਨ ਤਾਨਾਸ਼ਾਹੀ ਕਾਰਵਾਈ ਨੂੰ ਬੰਦ ਕੀਤਾ ਜਾਵੇ।
ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਆਗੂ ਹਰਿੰਦਰ ਦੁਸਾਂਝ ਦੁਸਾਂਝ, ਪੈਰਾ ਮੈਡੀਕਲ ਸੰਘਰਸ਼ ਕਮੇਟੀ ਦੇ ਅਮਨਪ੍ਰੀਤ ਸਿੰਘ,ਕੰਟਰੈਕਟ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਦੀ ਸੂਬਾ ਪ੍ਰਧਾਨ ਸਰਬਜੀਤ ਕੌਰ, ਯੂਨੀਅਨ ਆਗੂ ਸਟੇਟ ਆਗੂ ਕੁਲਜੀਤ ਕੌਰ, ਸਤਿੰਦਰ ਕੌਰ,ਸ਼ਰਨਜੀਤ ਕੌਰ, ਸੁਰਿੰਦਰ ਕੌਰ,ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਨੀਅਨ ਦੇ ਯੂਥ ਵਿੰਗ ਆਗੂ ਗੁਰਪ੍ਰੀਤ ਸਿੰਘ ਚੀਦਾ, ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਮੇਲ ਦੇ ਪ੍ਰਧਾਨ ਸੁਖਰਾਜ ਸਿੰਘ, ਬਲਜੀਤ ਸਿੰਘ, ਐੱਸ ਆਈ ਬਲਵਿੰਦਰ ਸਿੰਘ ਕਾਹਲੋਂ,,ਫਾਰਮਾਸਿਸਟ ਯੂਨੀਅਨ ਦੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਬਾਵਾ ਅਤੇ ਸੀ ਐੱਚ ਓ ਯੂਨੀਅਨ ਦੇ ਸੁਖਪ੍ਰੀਤ ਕੌਰ , LHV ਅਤੇ ANM ਯੂਨੀਅਨ ਦੇ ਆਗੂ ਰਾਜਵਿੰਦਰ ਕੌਰ, ਇੰਦਰਾ ਦੇਵੀ, ਕੁਲਦੀਪ ਕੌਰ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਦੀ ਜ਼ਿਲ੍ਹਾ ਆਗੂ ਅੰਮ੍ਰਿਤਪਾਲ ਕੌਰ ਨੂਸੀ, ਸੰਦੀਪ ਕੌਰ,ਮਿੱਡ ਡੇਅ ਮੀਲ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਅਮਾਨਤਪੁਰ ਆਦਿ ਨੇ ਸੰਬੋਧਨ ਕੀਤਾ

