ਕਰਤਾਰਪੁਰ 14 ਨਵੰਬਰ (ਜਸਵੰਤ ਵਰਮਾ ) ਅੱਜ ਦੇ ਤਕਨੀਕੀ ਯੁੱਗ ਵਿੱਚ ਜਿੱਥੇ ਲੋਕ ਆਪਣੀਆਂ ਰੁਝੇਵਿਆਂ ਵਿੱਚ ਬਹੁਤ ਵੱਧ ਵਿਆਸਤ ਰਹਿੰਦੇ ਹਨ, ਉਥੇ ਸਿਹਤ ਪ੍ਰਤੀ ਲਾਪਰਵਾਹੀ ਕਾਰਨ ਸ਼ੂਗਰ ਅਤੇ ਹਾਈਪਰਟੈਂਸ਼ਨ ਵਰਗੀਆਂ ਬਿਮਾਰੀਆਂ ਉਨ੍ਹਾਂ ਨੂੰ ਘੇਰ ਲੈਂਦੀਆਂ ਹਨ। ਇਨ੍ਹਾਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ 14 ਨਵੰਬਰ ਨੂੰ ਵਿਸ਼ਵ ਸ਼ੂਗਰ ਦਿਵਸ ਮਨਾਇਆ ਜਾਂਦਾ ਹੈ। ਇਸੇ ਤਹਿਤ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੇ ਨਿਰਦੇਸ਼ਾਂ ਅਧੀਨ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕਿਰਨ ਕੌਂਸਲ ਦੀ ਅਗਵਾਈ ਹੇਠ ਬਲਾਕ ਕਰਤਾਰਪੁਰ ਦੇ ਸਮੂਹ ਅਯੂਸਮਾਨ ਅਰੋਗਿਆ ਕੇਂਦਰਾਂ ਵਿੱਚ ਵਿਸ਼ੇਸ਼ ਜਾਂਚ ਕੈਂਪ ਲਗਾ ਕੇ ਲੋਕਾਂ ਦੇ ਸ਼ੂਗਰ ਦੇ ਟੈਸਟ ਕੀਤੇ ਗਏ। ਇਸ ਮੌਕੇ ਸਮੂਹ ਸੀ.ਐਚ.ਓ., ਏ.ਐਨ.ਐਮ. ਅਤੇ ਆਸ਼ਾ ਵੱਲੋਂ ਵੱਖ-ਵੱਖ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਸ਼ੂਗਰ ਦੇ ਲੱਛਣ, ਇਲਾਜ ਅਤੇ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ।
ਡਾ. ਕਿਰਨ ਕੌਂਸਲ ਨੇ ਦੱਸਿਆ ਕਿ ਸ਼ੂਗਰ ਮੈਟਾਬੋਲਿਕ ਬਿਮਾਰੀਆਂ ਦਾ ਇਕ ਸਮੂਹ ਹੈ, ਜਿਸ ਨਾਲ ਖੂਨ ਵਿੱਚ ਗਲੂਕੋਜ਼ ਦਾ ਪੱਧਰ ਸਧਾਰਨ ਨਾਲੋਂ ਵੱਧ ਜਾਂਦਾ ਹੈ। ਇਹ ਬਿਮਾਰੀ ਸਰੀਰ ਦੇ ਕਿਸੇ ਵੀ ਅੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਤੋਂ ਬਚਾਅ ਲਈ ਹਰੀਆਂ ਸਬਜ਼ੀਆਂ, ਫਲ, ਸਲਾਦ ਦਾ ਵਧੇਰੇ ਸੇਵਨ ਕਰਨਾ, ਰੋਜ਼ਾਨਾ 30–40 ਮਿੰਟ ਪੈਦਲ ਚੱਲਣਾ, ਯੋਗਾ ਤੇ ਮੈਡੀਟੇਸ਼ਨ ਕਰਨਾ ਬਹੁਤ ਜ਼ਰੂਰੀ ਹੈ। ਸੰਤੁਲਿਤ ਭੋਜਨ, ਤੰਬਾਕੂ, ਸ਼ਰਾਬ ਅਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਵੀ ਸ਼ੂਗਰ ਤੋਂ ਬਚਾਅ ਲਈ ਮਹੱਤਵਪੂਰਨ ਹੈ। ਐੱਸਐੱਮਓ ਨੇ ਦੱਸਿਆ ਕਿ ਜੇ ਕਿਸੇ ਵਿਅਕਤੀ ਨੂੰ ਵਾਰ-ਵਾਰ ਪਿਸ਼ਾਬ ਆਉਣਾ, ਜਖਮ ਦੇਰੀ ਨਾਲ ਭਰਨਾ, ਅਚਾਨਕ ਵਜ਼ਨ ਘਟਣਾ, ਬਹੁਤ ਭੁੱਖ ਜਾਂ ਪਿਆਸ ਲੱਗਣਾ, ਹੱਥ-ਪੈਰ ਸੁੰਨ ਹੋਣਾ ਆਦਿ ਲੱਛਣ ਦਿਖਣ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਸਿਹਤ ਦਾ ਰੁਟੀਨ ਚੈਕਅੱਪ ਕਰਵਾਉਣਾ ਚਾਹੀਦਾ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿੱਚ 30 ਸਾਲ ਤੋਂ ਉੱਪਰ ਦੇ ਲੋਕਾਂ ਦੀ ਸ਼ੂਗਰ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸ਼ੂਗਰ ਦੇ ਮਰੀਜ਼ ਡਾਕਟਰੀ ਸਲਾਹ ਅਨੁਸਾਰ ਸਮੇਂ-ਸਮੇਂ ’ਤੇ ਆਪਣੀ ਜਾਂਚ ਕਰਵਾਉਂਦੇ ਰਹਿਣ।

