ਪੰਜਾਬ ਤੇ ਕੇਂਦਰ ਸਰਕਾਰ ਕਿਸਾਨਾਂ ਨਾਲ ਕਰ ਰਹੀ ਹੈ ਮਤਰੇਈ ਮਾਂ ਵਾਲਾ ਸਲੂਕ
ਕਪੂਰਥਲਾ,30ਅਕਤੂਬਰ (ਗੌਰਵ ਮੜੀਆ) ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਝੋਨੇ ਦੀ ਫਸਲ ਨਾ ਵਿਕਣ ਕਾਰਨ ਕਿਸਾਨਾਂ ਦੀ ਹੋ ਰਹੀ ਖੱਜਲ ਖ਼ੁਆਰੀ ਦੇ ਚਲਦੇ ਯੂਥ ਅਕਾਲੀ ਦਲ ਵੱਲੋਂ ਨਵੀਂ ਅਨਾਜ ਮੰਡੀ ਕਪੂਰਥਲਾ ਵਿਖੇ ਯੂਥ ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਫਿਆਲੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ। ਇਸ ਦੌਰਾਨ ਉਹਨਾਂ ਦੇ ਵੱਲੋਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਦੋਹਾਂ ਸਰਕਾਰਾਂ ਵੱਲੋਂ ਅੰਨਦਾਤਾ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਹੁੰਦੀ ਸੀ ਤਾਂ ਕਿਸਾਨਾਂ ਦੀ ਫਸਲ ਨਾਲੋਂ ਨਾਲ ਵਿਕ ਜਾਂਦੀ ਸੀ ਅਤੇ ਕਦੇ ਵੀ ਕਿਸਾਨਾਂ ਨੂੰ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਅਤੇ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਇਸ ਕਿਸਾਨਾਂ ਨੂੰ ਕਾਲੀ ਦਿਵਾਲੀ ਮਨਾਉਣੀ ਪਵੇਗੀ। ਉਹਨਾਂ ਕਿਹਾ ਕਿ ਮੰਡੀਆਂ ਵਿੱਚ ਫਸਲ ਦੀ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਅਤੇ ਕਿਸਾਨਾਂ ਨੂੰ ਮੰਡੀ ਵਿੱਚ ਫਸਲ ਢੇਰੀ ਕਰਨ ਵਾਸਤੇ ਜਗ੍ਹਾ ਨਹੀਂ ਮਿਲ ਰਹੀ ਹੈ।
ਉਹਨਾਂ ਕਿਹਾ ਕਿ ਉਹਨਾਂ ਨੇ ਆਪਣੀ ਕਿਸਾਨੀ ਜਿੰਦਗੀ ਵਿੱਚ ਇਸ ਤਰ੍ਹਾਂ ਦੇ ਕਦੇ ਹਾਲਾਤ ਨਹੀਂ ਦੇਖੇ ਅੱਜ ਸੂਬੇ ਦਾ ਕਿਸਾਨ ਆਪਣੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।ਇਸ ਮੌਕੇ ਕੌਂਸਲਰ ਅਸ਼ੋਕ ਭਗਤ,ਜਗਜੀਤ ਸਿੰਘ ਸ਼ੰਮੀ, ਸੁਰਜੀਤ ਸਿੰਘ ਰਾਣਾ,ਅਜੈ ਬਬਲਾ,ਜਸਪਾਲ ਸਿੰਘ,ਕੋਮਲ ਸਹੋਤਾ,ਰਾਜ ਕੁਮਾਰ ਸ਼ਰਮਾ,ਕਰਨ ਧਮ, ਰਾਜਿੰਦਰ ਧੰਜਲ,ਬਰਿੰਦਰਜੀਤ ਸਿੰਘ,ਰਮਨਦੀਪ ਸਿੰਘ,ਇੰਦਰਪਾਲ ਸਿੰਘ ਭਾਟੀਆ ਆਦਿ ਹੋਰ ਵੀ ਵੱਡੀ ਗਿਣਤੀ ਚ ਅਕਾਲੀ ਆਗੂ ਹਾਜ਼ਿਰ ਸਨ

