ਦਿੱਲੀ ਤੋਂ ਕੰਮ ਕਰ ਰਹੀ ਭ੍ਰਿਸ਼ਟ ਅਤੇ ਘੁਟਾਲੇ ਨਾਲ ਭਰੀ ਆਪ ਸਰਕਾਰ ਦੇ ਗਲਤ ਕੰਮਾਂ ਦਾ ਪਰਦਾਫਾਸ਼ ਕਰਾਂਗੇ-ਤਨਵੀਰ ਸਿੰਘ ਫਿਆਲੀ
ਕਪੂਰਥਲਾ ( ਗੌਰਵ ਮੜੀਆ ) ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਦਾ ਇੱਕੋ ਇੱਕ ਉਦੇਸ਼ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣਾ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਘੁਟਾਲਿਆਂ ਅਤੇ ਪੂਰੀ ਪ੍ਰਸ਼ਾਸਕੀ ਅਸਫਲਤਾ ਤੋਂ ਧਿਆਨ ਹਟਾਉਣਾ ਹੈ।ਇਹ ਗੱਲ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਫਿਆਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।ਉਨ੍ਹਾਂ ਮਜੀਠੀਆ ਦੀ ਪਤਨੀ ਅਤੇ ਵਿਧਾਇਕ ਗਨੀਵ ਕੌਰ ਮਜੀਠੀਆ ਨੂੰ ਅਲਾਟ ਕੀਤੇ ਗਏ ਐਮਐਲਏ ਫਲੈਟ ਤੇ ਸਵੇਰੇ ਸਵੇਰੇ ਛਾਪੇਮਾਰੀ ਦੀ ਵੀ ਆਲੋਚਨਾ ਕੀਤੀ।ਉਨ੍ਹਾਂ ਕਿਹਾ ਕਿ ਨਾ ਤਾਂ ਕੋਈ ਸਰਚ ਵਾਰੰਟ ਲਿਆਂਦਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ।ਅਧਿਕਾਰੀ ਉਨ੍ਹਾਂ ਦੇ ਬੈੱਡਰੂਮ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਦੀਆਂ ਅਲਮਾਰੀਆਂ ਦੀ ਤਲਾਸ਼ੀ ਲਈ।ਇਹ ਸ਼ਰਮਨਾਕ ਹੈ ਅਤੇ ਇਹ ਪਹਿਲੀ ਵਾਰ ਨਹੀਂ ਹੋਇਆ ਹੈ।
ਫਿਆਲੀ ਨੇ ਕਿਹਾ ਕਿ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਤਰੀਕੇ ਅਨੈਤਿਕ ਹਨ।ਜੇਕਰ ਲੋੜ ਹੋਵੇ ਤਾਂ ਕਾਰਵਾਈ ਕਰੋ ਪਰ ਬਣਦੀ ਪ੍ਰਕਿਰਿਆ ਦੀ ਪਾਲਣਾ ਕਰੋ। ਕਾਨੂੰਨ ਦੇ ਰਾਜ ਦੀ ਪਾਲਣਾ ਕਰੋ,ਇਹ ਜੰਗਲ ਰਾਜ ਨਹੀਂ ਹੈ।ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਆਪ ਸਰਕਾਰ ਦੋਵੇਂ ਹੀ ਬਿਕਰਮ ਮਜੀਠੀਆ ਨੂੰ ਐਨਡੀਪੀਐਸ ਐਕਟ ਦੇ ਤਹਿਤ ਝੂਠੇ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਵਿੱਚ ਰਹੀਆਂ ਹਨ।ਫਿਆਲੀ ਨੇ ਕਿਹਾ ਕਿ ਮਾਮਲੇ ਦੀ ਸੱਚਾਈ ਇਹ ਹੈ ਕਿ ਮਜੀਠੀਆ ਨੂੰ ਅਦਾਲਤਾਂ ਨੇ ਸਾਰੇ ਗਲਤ ਕੰਮਾਂ ਤੋਂ ਬਰੀ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਐਨਡੀਪੀਐਸ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ।ਹੁਣ ਫਿਰ ਆਪ ਸਰਕਾਰ ਝੂਠੇ ਬਹਾਨੇ ਤੇ ਕੇਸ ਖੋਲ੍ਹ ਰਹੀ ਹੈ ਜਿਸਦਾ ਇੱਕੋ ਇੱਕ ਮਕਸਦ ਮਜੀਠੀਆ ਨੂੰ ਦਬਾਉਣਾ ਹੈ ਜੋ ਲਗਾਤਾਰ ਲੋਕਾਂ ਦੇ ਮੁੱਦੇ ਉਠਾਉਂਦੇ ਆ ਰਹੇ ਹਨ ਜੋ ਆਪ ਸਰਕਾਰ ਨੂੰ ਪਸੰਦ ਨਹੀਂ ਹਨ।ਫਿਆਲੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਵਿਰੁੱਧ ਕੇਂਦਰੀ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ,ਉਸੇ ਤਰਜ਼ ਤੇ ਸੂਬੇ ਦੀ ਆਪ ਸਰਕਾਰ ਵੀ ਕੰਮ ਕਰ ਰਹੀ ਹੈ ਅਤੇ ਇਹ ਸਰਕਾਰ ਜਿਸ ਨੂੰ ਵੀ ਚੁੱਪ ਕਰਵਾਉਣਾ ਚਾਹੁੰਦੀ ਹੈ,
ਉਸ ਵਿਰੁੱਧ ਵਿਜੀਲੈਂਸ ਦੀ ਵਰਤੋਂ ਕਰ ਰਹੀ ਹੈ ਅਤੇ ਇਸਦੀ ਤਾਜ਼ਾ ਉਦਾਹਰਣ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੈ।ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਬਿਕਰਮ ਸਿੰਘ ਮਜੀਠੀਆ ਸੂਬਾ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਲਗਾਤਾਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਸਨ ਅਤੇ ਹੁਣ ਇਸ ਦੇ ਜਵਾਬ ਵਿੱਚ ਸਰਕਾਰ ਦੇ ਇਸ਼ਾਰੇ ਤੇ ਵਿਜੀਲੈਂਸ ਨੇਉਨ੍ਹਾਂ ਨੂੰ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਸਰਕਾਰ ਦੀ ਇਸ ਤਾਨਾਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਬਿਕਰਮ ਮਜੀਠੀਆ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿਣਗੇ।ਫਿਆਲੀ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਅਜਿਹੀਆਂ ਚਾਲਾਂ ਤੋਂ ਡਰੇਗਾ ਨਹੀਂ।ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਦੇ ਮੁੱਦੇ ਉਠਾਉਂਦੇ ਰਹਾਂਗੇ ਅਤੇ ਦਿੱਲੀ ਤੋਂ ਕੰਮ ਕਰ ਰਹੀ ਇਸ ਭ੍ਰਿਸ਼ਟ ਅਤੇ ਘੁਟਾਲੇ ਵਾਲੀ ਸਰਕਾਰ ਦੇ ਗਲਤ ਕੰਮਾਂ ਦਾ ਪਰਦਾਫਾਸ਼ ਕਰਦੇ ਰਹਾਂਗੇ।

