ਕਪੂਰਥਲਾ (ਗੌਰਵ ਮੜੀਆ ) ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਸ਼ਾਖਾ ਕਪੂਰਥਲਾ ਵਿਖੇ ਕਰਵਾਏ ਗਏ ਹਫਤਾਵਾਰੀ ਪ੍ਰੋਗਰਾਮ ‘ਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ੀਸ਼ਿਆ ਸਾਧਵੀ ਨਿਧੀ ਭਾਰਤੀ ਜੀ ਨੇ ਆਪਣੇ ਵਿਚਾਰ ਦਿੰਦੇ ਹੋਏ ਕਿਹਾ ਕਿ ਜੀਵਨ ਦੁਰਲੱਭ ਹੈ। ਇਹ ਮਨੁੱਖਾ ਸਰੀਰ ਆਤਮਾ ਨੂੰ ਲੰਬੇ ਅਤੇ ਦੁਖਦਾਈ ਸਫ਼ਰ ਤੋਂ ਬਾਅਦ ਪ੍ਰਾਪਤ ਹੁੰਦਾ ਹੈ। ਪਰ ਜੀਵ ਆਤਮਾ ਮਨੁੱਖਾ ਸਰੀਰ ਲਈ ਕਿਉਂ ਤਰਸਦੀ
ਰਹਿੰਦੀ ਹੈ?ਕੀ ਮਨੁੱਖ ਬਣ ਕੇ ਪਦਾਰਥਕ ਸੁੱਖ ਪ੍ਰਾਪਤ ਕਰਨ ਦੀ ਲਾਲਸਾ ਦੇ ਕਾਰਨ ? ਨਹੀਂ, ਬਿਲਕੁਲ ਨਹੀਂ। ਆਤਮਾ ਪਰਮਾਤਮਾ ਦਾ ਅੰਸ਼ ਹੈ। ਸਾਡੇ ਧਰਮ-ਗ੍ਰੰਥ ਕਹਿੰਦੇ ਹਨ ਕਿ ਮਨੁੱਖਾ ਸਰੀਰ ਹੀ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਹੈ। ਆਤਮਾ ਕੇਵਲ ਪਰਮਾਤਮਾ ਨੂੰ ਮਿਲਣ ਲਈ ਮਨੁੱਖਾ ਸਰੀਰ ਦੀ ਇੱਛਾ ਕਰਦੀ ਹੈ। ਹੁਣ ਸਵਾਲ ਇਹ ਹੈ ਕਿ ਮਨੁੱਖਾ ਸਰੀਰ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਹੈ, ਪਰ
ਕਿਵੇਂ? ਭਾਵੇਂ ਅੱਜ ਦਾ ਮਨੁੱਖ ਪ੍ਰਮਾਤਮਾ ਦੀ ਪ੍ਰਾਪਤੀ ਲਈ ਕਈ ਤਰ੍ਹਾਂ ਦੇ ਉਪਰਾਲੇ ਕਰ ਰਿਹਾ ਹੈ, ਪਰ ਹਠਯੋਗ, ਦਾਨ, ਪੁੰਨ, ਵਰਤ, ਨਾਮ ਆਦਿ ਅਨੇਕ ਤਰ੍ਹਾਂ ਦੇ ਕਰ ਕੇ ਵੀ ਪ੍ਰਮਾਤਮਾ ਦਾ ਦਰਸ਼ਨ ਪ੍ਰਾਪਤ ਨਹੀਂ ਹੁੰਦਾ। ਅਸਲ ਵਿਚ ਪਰਮਾਤਮਾ ਹਰ ਜੀਵ ਵਿਚ ਸਦੀਵੀ ਜੋਤਿ ਦੇ ਰੂਪ ਵਿਚ ਵੱਸਦਾ ਹੈ, ਪਰ ਉਸ ਦਾ ਦਰਸ਼ਨ ਮਨੁੱਖਾ ਸਰੀਰ ਵਿਚ ਹੀ ਪ੍ਰਾਪਤ ਹੋ ਸਕਦਾ ਹੈ। ਬਸ ਸਾਨੂੰ ਲੋੜ ਹੈ ਪੂਰਨ ਬ੍ਰਹਮਗਿਆਨੀ ਗਿਆਨ
ਵਾਲੇ ਅਜਿਹੇ ਮਹਾਨ ਪੁਰਸ਼ ਦੀ, ਜਿਸ ਦੀ ਕਿਰਪਾ ਨਾਲ ਵਿਅਕਤੀ ਨਿਸ਼ਚਿਤ ਤੌਰ ‘ਤੇ ਪਰਮਾਤਮਾ ਦਾ ਅਨੁਭਵ ਕਰ ਸਕਦਾ ਹੈ। ਪਰਮਾਤਮਾ ਦੇ ਦਰਸ਼ਨ ਕਰਨਾ ਹਰ ਜੀਵ ਦਾ ਹੱਕ ਹੈ। ਇਹੀ ਸਾਡੇ ਜੀਵਨ ਦਾ ਉਦੇਸ਼ ਵੀ ਹੈ। ਇਸ ਲਈ ਸਾਨੂੰ ਵੀ ਪ੍ਰਮਾਤਮਾ ਦੇ ਦਰਸ਼ਨਾਂ ਦੀ ਇੱਛਾ ਨੂੰ ਆਪਣੇ ਮਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਇਸ ਦੀ ਪ੍ਰਾਪਤੀ ਵੱਲ ਵਧਣਾ ਚਾਹੀਦਾ ਹੈ। ਨਾਲ ਹੀ ਸਾਧਵੀ ਹਰੀਪਪ੍ਰੀਤਾ ਭਾਰਤੀ ਜੀ ਨੇ ਸੁੰਦਰ ਭਜਨ ਗਾਏ।

