ਜਲੰਧਰ/ਚੰਡੀਗੜ, 30 ਜਨਵਰੀ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਰਿਸ਼ਵਤ ਦੇ ਇੱਕ ਕੇਸ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਭਗੌੜੇ ਚਲੇ ਆ ਰਹੇ ਗਿਰਦਾਵਰ ਤੇਜਿੰਦਰ ਸਿੰਘ ਗੋਲਡੀ, ਮਾਲ ਸਰਕਲ ਉਚੀ ਬੱਸੀ, ਦਸੂਹਾ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ। ਇਸ ਰਿਸ਼ਵਤ ਮਾਮਲੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਵਿਖੇ ਤਾਇਨਾਤ ਇੱਕ ਮਾਲ ਪਟਵਾਰੀ ਲਖਬੀਰ ਸਿੰਘ ਨੂੰ ਪਹਿਲਾਂ ਹੀ ਬਿਉਰੋ ਵੱਲੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਜਾ ਚੁੱਕਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪਟਵਾਰੀ ਨੂੰ ਜੁਗਰਾਜ ਸਿੰਘ ਵਾਸੀ ਪਿੰਡ ਉਸਮਾਨ ਸ਼ਹੀਦ, ਤਹਿਸੀਲ ਦਸੂਹਾ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਇਸ ਕੇਸ ਵਿੱਚ ਗਿਰਦਾਵਰ ਤੇਜਿੰਦਰ ਸਿੰਘ ਗੋਲਡੀ ਨੂੰ ਵੀ ਪਟਵਾਰੀ ਨਾਲ ਮਿਲੀਭੁਗਤ ਕਰਨ ਲਈ ਨਾਮਜ਼ਦ ਕੀਤਾ ਗਿਆ ਸੀ ਜੋ ਸ਼ਿਕਾਇਤਕਰਤਾ ਦੀ ਵਾਹੀਯੋਗ ਜ਼ਮੀਨ ਦੀ ਵੰਡ ਕਰਨ ਵਿੱਚ ਦੇਰੀ ਕਰ ਰਿਹਾ ਸੀ।
ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਸੀ ਕਿ ਉਕਤ ਪਟਵਾਰੀ ਅਤੇ ਗਿਰਦਾਵਰ ਉਸ ਦੀ ਪਰਿਵਾਰਕ ਖੇਤੀ ਵਾਲੀ ਜ਼ਮੀਨ ਦੀ ਵੰਡ ਅਤੇ ਨਿਸ਼ਾਨਦੇਹੀ ਕਰਨ ਲਈ 10,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਹੇ ਸਨ।
ਉਸਦੀ ਸ਼ਿਕਾਇਤ ਦੀ ਪੜਤਾਲ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਪਟਵਾਰੀ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਸੀ। ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਪਹਿਲਾਂ ਹੀ ਮੁਕੱਦਮਾ ਦਰਜ ਹੈ ਜਿਸ ਬਾਰੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

