ਕਰਤਾਰਪੁਰ 15 ਨਵੰਬਰ( ਜਸਵੰਤ ਵਰਮਾ )ਐਮ.ਜੀ.ਐਸ.ਐਮ ਜਨਤਾ ਕਾਲਜ ਕਰਤਾਰਪੁਰ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ 350 ਵੀਂ ਸ਼ਹੀਦੀ ਸ਼ਤਾਬਦੀ ਮੌਕੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਤੇ ਸ਼ਹੀਦੀ ਵਿਸ਼ੇ ਨਾਲ ਸੰਬੰਧਿਤ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮੁੱਖ ਬੁਲਾਰੇ ਦੇ ਤੌਰ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ, ਸੈਨੇਟਰ ਤੇ ਸਿੱਖ ਧਰਮ ਦੇ ਵਿਦਵਾਨ ਖੋਜਾਰਥੀ ਡਾ. ਮਨਵਿੰਦਰ ਸਿੰਘ ਪਹੁੰਚੇ।
ਪ੍ਰੋਗਰਾਮ ਦੀ ਸ਼ੁਰੂਆਤ ਡਾ. ਹਰਵਿੰਦਰ ਕੌਰ ਨੇ ਡਾ. ਮਨਵਿੰਦਰ ਸਿੰਘ ਦੇ ਸੁਆਗਤ ਨਾਲ ਕੀਤੀ। ਡਾ. ਮਨਵਿੰਦਰ ਸਿੰਘ ਨੇ ਆਪਣੇ ਲੈਕਚਰ ਦੌਰਾਨ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਝਾਤ ਪਾਉਦਿਆਂ ਦੱਸਿਆਂ ਕਿ ਗੁਰੂ ਜੀ ਧਾਰਮਿਕ ਗੁਰੂ ਹੋਣ ਦੇ ਨਾਲ- ਨਾਲ ਉੱਚ ਕੋਟੀ ਦੇ ਕਵੀ ਵੀ ਸਨ ਉਨ੍ਹਾਂ ਦੁਆਰਾ ਰਚੀ ਬਾਣੀ ਮਨੁੱਖ ਦੀ ਨਾਸ਼ਮਾਨਤਾ ਤੋਂ ਸੁਚੇਤ ਕਰਦੀ ਹੈ ਤੇ ਗੁਰੂ ਜੀ ਸ਼ਹਾਦਤ ਹਰ ਕਿਸੇ ਦੀ ਧਾਰਮਿਕ ਆਜ਼ਾਦੀ ਬਾਰੇ ਸੀ। ਇਹ ਆਜ਼ਾਦੀ ਕਿਸੇ ਇੱਕ ਫਿਰਕੇ ਜਾਂ ਧਰਮ ਨਾਲ ਸੰਬੰਧਿਤ ਨਾ ਹੋ ਕੇ ਸਮੁੱਚੀ ਮਾਨਵ ਜਾਤੀ ਲਈ ਸਾਂਝੀਵਾਲਤਾ ਦਾ ਇੱਕ ਸੰਦੇਸ਼ ਸੀ।
ਕਾਲਜ ਦੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਵੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਅਦੁੱਤੀ ਕੁਰਬਾਨੀ ਦੱਸਿਆ ਕਿਹਾ ਕਿ ਐਸੀ ਮਿਸਾਲ ਪੂਰੀ ਦੁਨੀਆ ਵਿੱਚ ਘੱਟ ਮਿਲਦੀ ਹੈ ਜਿਹੜੀ ਕਿ ਦੂਸਰੇ ਧਰਮ ਨੂੰ ਬਚਾਉਣ ਵਾਸਤੇ ਕੀਤੀ ਗਈ ਹੋਵੇ। ਪ੍ਰੋਗਰਾਮ ਦੇ ਅੰਤ ਤੇ ਡਾ. ਪ੍ਰੈਟੀ ਸੋਢੀ ਨੇ ਡਾ. ਮਨਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ। ਕਾਲਜ ਦੇ ਪ੍ਰਧਾਨ ਤੇ ਸਾਬਕਾ ਐਮ. ਐਲ.ਏ (ਹਲਕਾ ਕਰਤਾਰਪੁਰ ) ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਸ੍ਰੀ ਹਰੀ ਪਾਲ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਨਮਨ ਕਰਦਿਆਂ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਜ਼ਿੰਦਗੀ ਅਪਣਾਉਣ ਦਾ ਸੰਦੇਸ਼ ਦਿੱਤਾ।ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਵੀ ਮੌਜੂਦ ਸਨ।

