ਕਪੂਰਥਲਾ (ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਅੱਜ ਦੀ ਪ੍ਰਾਰਥਨਾ ਸਭਾ ਦੇ ਸ਼ੁਰੂ ਵਿੱਚ ਹਰ ਵਾਰ ਦੀ ਤਰ੍ਹਾਂ ਦ ਓਪਨ ਡੋਰ ਚਰਚ ਦੀ ਵਰਸ਼ਿਪ ਟੀਮ ਨੇ ਬਹੁਤ ਹੀ ਸੁਰੀਲੇ ਅਤੇ ਰਸ ਭਰੇ ਸੰਗੀਤ ਨਾਲ ਪਰਮੇਸ਼ਵਰ ਜੀ ਦੀ ਮਹਿਮਾ ਕਰਕੇ ਆਈ ਹੋਈ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਸੰਗਤਾਂ ਵਿੱਚ ਬੈਠੇ ਬਹੁਤ ਸਾਰੇ ਪ੍ਰਾਣੀ ਰੋ ਰੋ ਕੇ ਉੱਚੀ ਆਵਾਜ਼ ਵਿੱਚ ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰਕੇ ਪਿਤਾ ਪਰਮੇਸ਼ਵਰ ਜੀ ਕੋਲੋਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਮਾਫੀ ਮੰਗਦੇ ਹੋਏ ਵੇਖਿਆ ਗਿਆ।
ਉਪਰੰਤ ਜਿਨਾਂ ਲੋਕਾਂ ਨੂੰ ਪ੍ਰਭੂ ਜੀ ਨੇ ਪਿਆਰ ਕਰਦੇ ਹੋਏ ਉਹਨਾਂ ਦੀ ਜ਼ਿੰਦਗੀ ਵਿੱਚ ਅਲੌਕਿਕ ਚਮਤਕਾਰ ਕੀਤੇ ਅਤੇ ਨਵਾਂ ਖੁਸ਼ਹਾਲੀ ਭਰਿਆ ਜੀਵਨ ਦਿੱਤਾ ਉਹਨਾਂ ਨੇ ਸਮੂਹ ਸੰਗਤਾਂ ਦੇ ਸਾਹਮਣੇ ਖਲੋ ਕੇ ਗਵਾਹੀਆਂ ਦੇ ਰੂਪ ਵਿੱਚ ਦੱਸ ਕੇ ਪਰਮੇਸ਼ਰ ਦੀ ਮਹਿਮਾ ਕੀਤੀ। ਅੱਜ ਦੀ ਪ੍ਰਾਰਥਨਾ ਸਭਾ ਵਿੱਚ ਦ ਓਪਨ ਡੋਰ ਚਰਚ ਖੋਜੇਵਾਲ ਦੇ ਸਤਿਕਾਰਯੋਗ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਸਟੇਜ ਉਪਰੋਂ ਪਰਮੇਸ਼ਵਰ ਜੀ ਦੇ ਪਵਿੱਤਰ ਵਚਨ ਸਮੂਹ ਸੰਗਤਾਂ ਨਾਲ ਸਾਂਝੇ ਕਰਦਿਆਂ ਦੱਸਿਆ ਕਿ 26 ਅਤੇ 29 ਸਤੰਬਰ 2024 ਨੂੰ ਸਮੂਹ ਸੰਗਤਾਂ ਲਈ ਦੁੱਖਾਂ ਤੋਂ ਛੁਟਕਾਰੇ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਹੋ ਰਹੀ ਹੈ ਜਿਸ ਵਿੱਚ ਸ਼ਾਮਿਲ ਹੋਣ ਵਾਲਿਆਂ ਵਾਸਤੇ ਹਰ ਤਰ੍ਹਾਂ ਦੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਪ੍ਰਾਰਥਨਾ ਕੀਤੀ ਜਾਵੇਗੀ।
ਕਿਉਂਕਿ ਸ਼ੈਤਾਨੀ ਤਾਕਤਾਂ ਦਾ ਜੋਰ ਲੱਗਾ ਹੋਇਆ ਹੈ ਕਿ ਇਨਸਾਨ ਨੂੰ ਵੱਧ ਤੋਂ ਵੱਧ ਗਲਤ ਕੰਮਾਂ ਵਿੱਚ ਪਾਇਆ ਜਾਵੇ ਪਰ ਪ੍ਰਭੂ ਜੀ ਨੂੰ ਪਿਆਰ ਕਰਨ ਵਾਲੇ ਕਦੇ ਵੀ ਸ਼ੈਤਾਨੀ ਤਾਕਤਾਂ ਦੀ ਪਕੜ ਵਿੱਚ ਨਹੀਂ ਆਉਂਦੇ। ਅੱਜ ਸਟੇਜ ਤੋਂ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਇਜਰਾਇਲੀਆਂ ਅਤੇ ਫਲਿਸਤੀਨੀਆਂ ਦੀ ਜੰਗ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਨੇਕੀ ਅਤੇ ਬਦੀ ਦੀ ਜੰਗ ਹਮੇਸ਼ਾ ਚਲਦੀ ਹੀ ਰਹਿੰਦੀ ਹੈ ਪਰ ਜਿੱਤ ਹਮੇਸ਼ਾ ਨੇਕੀ ਦੀ ਹੀ ਹੁੰਦੀ ਹੈ। ਪਰ ਅੱਜ ਦਾ ਇਨਸਾਨ ਇਹ ਸੋਚਦਾ ਹੈ ਕਿ ਨੇਕੀ ਕੋਈ ਹੋਰ ਕਰੇ ਫਲ ਮੈਨੂੰ ਮਿਲੇ, ਬੇਸ਼ੱਕ ਇਹ ਗਲਤ ਸੋਚ ਹੈ। ਸਾਨੂੰ ਆਪਣੇ ਪਰਮੇਸ਼ਵਰ ਜੀ ਦੇ ਅਧੀਨ ਰਹਿਣਾ ਚਾਹੀਦਾ ਹੈ ਅਤੇ ਕਦੇ ਵੀ ਵੱਡੀ ਤੋਂ ਵੱਡੀ ਮੁਸੀਬਤ ਤੋਂ ਵੀ ਘਬਰਾਉਣਾ ਨਹੀਂ ਚਾਹੀਦਾ।
ਅੱਜ ਪਾਸਟਰ ਦਿਓਲ ਜੀ ਨੇ ਪਵਿੱਤਰ ਬਾਈਬਲ ਵਿੱਚੋਂ ਗੋਲੀਅਤ ਅਤੇ ਦਾਊਦ ਦੀ ਕਹਾਣੀ ਵੀ ਸੁਣਾਈ ਕਿ ਦਾਊਦ ਬੇਸ਼ੱਕ ਉਮਰ ਵਿੱਚ ਬਹੁਤ ਛੋਟਾ ਤੇ ਤਜਰਬੇ ਰਹਿਤ ਵੀ ਸੀ ਪਰ ਉਸ ਦਾ ਭਰੋਸਾ ਪਰਮੇਸ਼ਵਰ ਜੀ ਤੇ ਬਹੁਤ ਮਜਬੂਤ ਸੀ ਜਿਸ ਕਾਰਨ ਦਾਊਦ ਨੇ ਬਹੁਤ ਹੀ ਜੰਗ ਦੇ ਤਜਰਬੇਕਾਰ ਜਾਲਮ ਗੋਲੀਅਥ ਨੂੰ ਮਾਮੂਲੀ ਪੱਥਰ ਦੇ ਗਲੇਲੇ ਨਾਲ ਹੀ ਮਾਰ ਸੁੱਟਿਆ। ਇਸ ਲਈ ਸਾਨੂੰ ਹਰੇਕ ਨੂੰ ਆਪਣੇ ਹੰਕਾਰ ਆਦਿ ਛੱਡ ਕੇ ਪਰਮੇਸ਼ਵਰ ਜੀ ਵਿੱਚ ਪੂਰੇ ਵਿਸ਼ਵਾਸ ਨਾਲ ਬਣੇ ਰਹਿਣਾ ਚਾਹੀਦਾ ਹੈ। ਪ੍ਰਾਰਥਨਾ ਸਭਾ ਦੇ ਅਖੀਰ ਵਿੱਚ ਪਾਸਟਰ ਹਰਪ੍ਰੀਤ ਦਿਓਲ ਜੀ ਵੱਲੋਂ ਸਮੂਹ ਸੰਗਤਾਂ ਅਤੇ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਵੀ ਕੀਤੀ ਗਈ।

