ਕੈਨੇਡਾ ਚ ਹਿੰਦੂਆਂ ਖਿਲਾਫ ਵੱਧ ਰਹੀ ਹਿੰਸਾ ਗੰਭੀਰ ਚਿੰਤਾ ਦਾ ਵਿਸ਼ਾ-ਨਰੇਸ਼ ਪੰਡਿਤ
ਕਪੂਰਥਲਾ 5 ਨਵੰਬਰ (ਗੌਰਵ ਮੜੀਆ ) ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੇ ਵਿਸਤਾਰ ਲਈ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਦਾ ਆਯੋਜਨ ਹਾਨੁਮੰਤ ਅਖਾੜਾ ਵਿਖੇ ਕੀਤਾ ਗਿਆ।ਇਸ ਮੀਟਿੰਗ ਵਿਚ ਬਜਰੰਗ ਦਲ ਦਾ ਵਿਸਥਾਰ ਕਰਦੇ ਹੋਏ ਕਵੀ ਬਜਾਜ ਨੂੰ ਬਜਰੰਗ ਦਲ ਦਾ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲਾ ਮੰਤਰੀ ਜੋਗਿੰਦਰ ਤਲਵਾੜ,ਜ਼ਿਲਾ ਸਰਪ੍ਰਸਤ ਮੰਗਤ ਰਾਮ ਭੋਲਾ,ਬਜਰੰਗ ਦਲ ਦੇ ਜ਼ਿਲਾ ਇੰਚਾਰਜ ਬਾਵਾ ਪੰਡਿਤ ਅਤੇ ਜ਼ਿਲਾ ਪ੍ਰਧਾਨ ਆਨੰਦ ਯਾਦਵ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਚ ਬਜਰੰਗ ਦਲ ਵਲੋਂ ਆਉਣ ਵਾਲੇ ਦਿਨਾਂ ਚ ਸ਼ੁਰੂ ਕੀਤੀ ਜਾ ਰਹੀ ਵਰਕਰ ਭਰਤੀ ਮੁਹਿੰਮ ਦੇ ਦੌਰਾਨ ਹਰ ਵਾਰਡ ਚ ਬਜਰੰਗੀ ਬਣਾਉਣ ਸਬੰਧੀ ਰਣਨੀਤੀ ਤਿਆਰੀ ਕੀਤੀ ਗਈ ਅਤੇ ਕੈਨੇਡਾ ਚ ਹਿੰਦੂ ਮੰਦਿਰ ਤੇ ਖਾਲਿਸਤਾਨੀਆਂ ਵੱਲੋਂ ਕੀਤੇ ਗਏ ਹਮਲੇ ਖਿਲਾਫ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।
ਇਸ ਦੌਰਾਨ ਆਪਣੀ ਨਿਯੁਕਤੀ ਤੇ ਕਵੀ ਬਜਾਜ ਨੇ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੇ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਹਿੰਦੂ ਸਮਾਜ ਨੂੰ ਮਜ਼ਬੂਤ ਕਰਨ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਬਜਰੰਗ ਦਲ ਨਾਲ ਜੋੜਨ ਲਈ ਪੂਰੀ ਮਿਹਨਤ,ਲਗਨ ਅਤੇ ਨਿਸ਼ਠਾ ਨਾਲ ਕੰਮ ਕਰਨਗੇ।ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਨੇਡਾ ਵਿਚ ਹਿੰਦੂਆਂ ਵਿਰੁੱਧ ਵੱਧ ਰਹੀ ਹਿੰਸਾ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੀਵਾਲੀ ਵਾਲੇ ਸਪਤਾਹ ਦੇ ਦੌਰਾਨ ਪੂਰੇ ਕੈਨੇਡਾ ਵਿੱਚ ਹਿੰਦੂ ਮੰਦਰਾਂ ਤੇ ਕਈ ਹਮਲੇ ਕੀਤੇ ਗਏ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਨਰੇਸ਼ ਪੰਡਿਤ ਨੇ ਕਿਹਾ ਕਿ ਇਹ ਹਮਲੇ ਕੋਈ ਵੱਖਰੀ ਘਟਨਾ ਨਹੀਂ ਹੈ।ਉਨ੍ਹਾਂ ਨੇ ਦੱਸਿਆ ਕਿ ਗ੍ਰੇਟਰ ਟੋਰਾਂਟੋ,ਬ੍ਰਿਟਿਸ਼ ਕੋਲੰਬੀਆ ਅਤੇ ਬਰੈਂਪਟਨ ਚ ਹਿੰਦੂ ਮੰਦਰਾਂ ਤੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ।ਉਨ੍ਹਾਂਨੇ ਕਿਹਾ ਕਿ ਇਹ ਵਾਰ-ਵਾਰ ਹਮਲੇ ਕੈਨੇਡਾ ਦੇ ਅੰਦਰ ਇੱਕ ਪਰੇਸ਼ਾਨ ਕਰਨ ਵਾਲੇ ਰੁਝਾਨ ਨੂੰ ਦਰਸਾਉਂਦੇ ਹਨ,ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਦੇ ਲੋਕਤੰਤਰ,ਕਾਨੂੰਨ ਦੇ ਰਾਜ ਅਤੇ ਧਰਮ ਨਿਰਪੱਖਤਾ ਦੀਆਂ ਮੂਲ ਕਦਰਾਂ-ਕੀਮਤਾਂ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ।ਇਸ ਮੀਟਿੰਗ ਵਿੱਚ ਹਰਦੀਪ ਬਾਵਾ,ਵਿਜੇ ਗਰੋਵਰ,ਅਨਿਲ ਜੋਸ਼ੀ, ਮੰਗਤ ਰਾਮ ਭੋਲਾ,ਮੋਹਿਤ ਜੱਸਲ,ਆਨੰਦ ਕੁਮਾਰ,ਗੁਲਸ਼ਨ ਮਹਿਰਾ,ਮੁਨੀਸ਼ ਬਜਰੰਗੀ,ਟਿੰਕੂ,ਅਤੁਲ ਗਰਗ,ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

