ਮਾਮਲਾ: ਆਪ ਪਾਰਟੀ ਦੇ ਆਗੂਆਂ ਖਿਲਾਫ਼ ਐੱਸ ਸੀ, ਐੱਸ ਟੀ ਐਕਟ ਦਾ ਪਰਚਾ ਦਰਜ ਨਾ ਕਰਨ ਦਾ
ਕਰਤਾਰਪੁਰ, 2 ਅਗਸਤ, : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਆਪ ਆਗੂਆਂ ਦੀ ਵਧੀਕੀ ਖਿਲਾਫ਼ ਐੱਸ ਸੀ ਐੱਸ ਟੀ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਨੂੰ ਲੈਕੇ ਥਾਣਾ ਕਰਤਾਰਪੁਰ ਅੱਗੇ ਚੱਲ ਰਿਹਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਲੰਘੀ ਕੱਲ੍ਹ ਸ਼ਾਮ ਪਰਚਾ ਦਰਜ ਕਰਨ ਦਾ ਭਰੋਸਾ ਦੇ ਕੇ ਬਾਅਦ ਵਿੱਚ ਪ੍ਰਸ਼ਾਸਨ ਸਿਆਸੀ ਦਬਾਅ ਹੇਠ ਦੇਰ ਰਾਤ ਦਿੱਤੇ ਭਰੋਸੇ ਤੋਂ ਮੁਕਰ ਗਿਆ ਤਾਂ ਧਰਨਾਕਾਰੀਆਂ ਵਲੋਂ ਧਰਨੇ ਨੂੰ ਅਣਮਿੱਥੇ ਲਈ ਤਬਦੀਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਅਤੇ ਧਰਨੇ ਉੱਪਰ ਡਟੇ ਇੱਕ ਮਹੀਨੇ ਤੋਂ ਲੈ ਕੇ ਦੋ ਦੋ ਸਾਲ ਤੇ ਤਿੰਨ ਤਿੰਨ ਸਾਲ ਦੇ ਨੰਨੇ ਮੁੰਨੇ ਬੱਚਿਆ ਨਾਲ ਔਰਤਾਂ , ਨੌਜਵਾਨ ਮੁਟਿਆਰਾਂ ਅਤੇ ਮਰਦ ਔਰਤਾਂ ਨੂੰ ਦੇਰ ਰਾਤ ਡਰਾ ਧਮਕਾ ਧਰਨਾ ਸਮਾਪਤ ਕਰਵਾਉਣ ਦਾ ਕੋਝਾ ਹੱਥਕੰਡਾ ਵਰਤਿਆ ਪ੍ਰੰਤੂ ਫ਼ਿਰ ਔਰਤਾਂ ਨੂੰ ਬੱਚਿਆਂ ਸਮੇਤ ਘਰੋਂ ਚਲੇ ਜਾਣ ਲਈ ਪੁਚਕਾਰਿਆ ਗਿਆ ਲੇਕਿਨ ਇਹ ਚਾਲ ਉਸ ਵਕਤ ਅਸਫ਼ਲ ਹੋ ਗਈ ਜਦੋਂ ਔਰਤਾਂ ਨੇ ਜਿੰਨੀਂ ਦੇਰ ਮੰਗਾਂ ਉੱਪਰ ਅਮਲ ਨਹੀਂ ਹੁੰਦਾ ਉਹਨਾਂ ਚਿਰ ਆਪਣੇ ਘਰਾਂ ਨੂੰ ਵਾਪਸ ਪਰਤਣ ਤੋਂ ਬਿਲਕੁੱਲ ਨਾਂਹ ਕਰ ਦਿੱਤੀ।
ਇਸ ਮੌਕੇ ਆਗੂਆਂ ਨੇ ਰੰਘਰੇਟਿਆਂ ਦੀ ਧੀ ਨੂੰ ਮਿਲਣ ਵਾਲੇ ਇਨਸਾਫ਼ ਦੇ ਰਸਤੇ ਵਿੱਚ ਆਪ ਪਾਰਟੀ ਦੇ ਆਗੂਆਂ ਨੂੰ ਬਚਾਉਣ ਲਈ ਰਾਖਵੇਂ ਹਲਕਾ ਕਰਤਾਰਪੁਰ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਐਲਾਨ ਕੀਤਾ ਇਸ ਮਸਲੇ ਵਿੱਚ ਵੱਟੀ ਹੋਈ ਮੰਤਰੀ ਸਾਹਿਬ ਦੀ ਚੁੱਪ ਪੇਂਡੂ ਧਨਾਢ ਤੇ ਪੀੜਤ ਨੌਜਵਾਨ ਲੜਕੀ ਦੇ ਪਰਿਵਾਰ ਦਲਿਤ ਮਜ਼ਦੂਰਾਂ ਨੂੰ ਜਨਤਕ ਸਥਾਨ ਉੱਤੇ ਜਾਤੀ ਨੀਵਾਂ ਵਿਖਾਉਣ ਖ਼ਾਤਰ ਝੂਠੇ ਕੇਸ ਵਿੱਚ ਉਲਝਾਉਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਆਪ ਆਗੂ ਦੀ ਪਿੱਠ ਉੱਪਰ ਬੈਠੇ ਹੋਣ ਦੀ ਗਵਾਹੀ ਭਰਦੀ ਹੈ।
ਮੰਤਰੀ ਸਾਹਿਬ ਦੇ ਦਬਾਅ ਕਾਰਨ ਹੀ ਕਰਤਾਰਪੁਰ ਪੁਲਿਸ ਵਲੋਂ ਪੀੜਤ ਲੜਕੀ ਨੂੰ ਰਸਤਾ ਰੋਕ ਕੇ ਉਸਨੂੰ ਬਾਂਹ ਤੋਂ ਫੜ ਕੇ ਉਸ ਨਾਲ ਸੰਬੰਧ ਬਣਾਉਣ ਲਈ ਦਬਾਅ ਪਾਉਣ ਵਾਲੇ ਵਿਅਕਤੀ ਅਤੇ ਜਾਤੀ ਧੌਂਸ ਵਖਾਉਣ ਵਾਲ਼ੇ ਆਪ ਆਗੂ ਵਿਰੁੱਧ ਕੇਸ ਦਰਜ ਕਰਨ ਦੀ ਥਾਂ ਗਲਤ ਬਿਆਨੀ ਤੇ ਤੱਥਾਂ ਦੇ ਉਲਟ ਪੀੜਤ ਲੜਕੀ ਦੇ ਪਰਿਵਾਰ ਨੂੰ ਦਬਾਉਣ ਖਾਤਰ ਪੀੜਤ ਲੜਕੀ ਦੇ ਪਰਿਵਾਰ ਖਿਲਾਫ਼ ਹੀ ਸੰਗੀਨ ਧਾਰਾਵਾਂ ਤਹਿਤ ਝੂਠਾ ਕੇਸ ਦਰਜ ਕਰ ਦਿੱਤਾ ਗਿਆ ਹੈ। ਆਗੂਆਂ ਨੇ ਐਲਾਨ ਕੀਤਾ ਕਿ ਇਸ ਮਸਲੇ ਵਿੱਚ ਕੈਬਨਿਟ ਮੰਤਰੀ ਅਤੇ ਪ੍ਰਸ਼ਾਸਨ ਦੇ ਪੇਂਡੂ ਧਨਾਢਾਂ ਨਾਲ ਗੱਠਜੋੜ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕਰਨ ਅਤੇ ਇਨਸਾਫ਼ ਲਈ ਪਿੰਡ ਪਿੰਡ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਥਾਣੇ ਅੱਗੇ ਮੋਰਚਾ ਜਾਰੀ ਰੱਖਿਆ ਜਾਵੇਗਾ ਅਤੇ ਕੱਲ੍ਹ 3 ਅਗਸਤ ਨੂੰ ਹਾਈਵੇ ਬੰਦ ਕਰਨ ਦੀ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਅੱਜ ਸਵੇਰ ਤੋਂ ਅਨੇਕਾਂ ਵਾਰ ਅੱਤ ਦ ਪੈ ਰਹੀ ਗਰਮੀਂ ਤੋਂ ਬੱਚਿਆ ਨੂੰ ਬਚਾਉਣ ਲਈ ਚੱਲ ਰਹੇ ਬਿਜਲੀ ਦੇ ਪੱਖਿਆਂ ਦੀ ਸਪਲਾਈ ਕੱਟ ਕੇ ਤੰਗ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਕਿਸੇ ਧਰਨਾਕਾਰੀ ਦਾ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਜ਼ਿੰਮੇਵਾਰ ਹੋਵੇਗੀ।
ਅੱਜ ਧਰਨਾਕਾਰੀਆਂ ਦੇ ਮੋਰਚੇ ਨੂੰ ਉਸ ਵਕਤ ਹੋਰ ਵੀ ਬਲ਼ ਮਿਲਿਆ ਜਦੋਂ ਸ਼ਹਿਰ ਵਾਸੀਆਂ ਨੇ ਗਰਮੀਂ ਤੋਂ ਬਚਾਅ ਲਈ ਧਰਨਾਕਾਰੀਆਂ ਲਈ ਡੰਡੇ ਮਿੱਟੇ ਨਿੰਭੂ ਪਾਣੀ ਦਾ ਲੰਗਰ ਭੇਜਿਆ ਅਤੇ ਇਲਾਕੇ ਭਰ ਚੋਂ ਕਿਸਾਨਾਂ ਮਜ਼ਦੂਰਾਂ,ਆਟੋ ਚਾਲਕਾਂ ਵਲੋਂ ਆਪਣੀ ਨੇਕ ਕਮਾਈ ਚੋਂ ਆਟਾ, ਦਾਲਾਂ,ਪੀਣ ਵਾਲਾ ਪਾਣੀ ਸਮੇਤ ਲੰਗਰ ਚ ਵਰਤੋਂ ਦਾ ਹੋਰ ਇੱਕ ਹਫ਼ਤੇ ਤੋਂ ਵੱਧ ਸਮੇਂ ਲਈ ਰਾਸ਼ਨ ਦੀਆਂ ਰਸਦਾ ਘਰੋਂ ਘਰੀਂ ਇਕੱਠੀਆਂ ਕਰਕੇ ਭੇਜੀਆਂ ਗਈਆਂ। ਉਨ੍ਹਾਂ ਮਿਹਨਤੀ ਲੋਕਾਂ ਨੂੰ ਥਾਣੇ ਅੱਗੇ ਚੱਲ ਰਹੇ ਮੋਰਚੇ ਦੀ ਹਰ ਤਰਾਂ ਹੀ ਹਮਾਇਤ ਕਰਨ ਦੀ ਅਪੀਲ ਕੀਤੀ ਹੈ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਨੀਅਨ ਆਗੂ ਗੁਰਪ੍ਰੀਤ ਸਿੰਘ ਚੀਦਾ,ਅਮਰੀਕ ਸਿੰਘ,ਗੋਬਿੰਦਾ, ਸਰਬਜੀਤ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ ਮੀਕੋ, ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਬਲਵਿੰਦਰ ਕੌਰ ਘੁੱਗਸ਼ੋਰ,ਭਰਾਤਰੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਤਹਿਸੀਲ ਆਗੂ ਹਰਪ੍ਰੀਤ ਕੌਰ ਨੂਸੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਗਮੋਹਨ ਸਿੰਘ ਆਦਿ ਨੇ ਸੰਬੋਧਨ ਕੀਤਾ।

