ਮੰਗਾਂ ਨਾਂ ਮੰਨਣ ਤੇ ਜਿਮਨੀ ਚੋਣਾਂ ਵਿੱਚ ਸਰਕਾਰ ਦਾ ਹੋਵੇਗਾ ਭਾਰੀ ਵਿਰੋਧ:— ਮੁੰਧ , ਸੰਧੂ
ਜਲੰਧਰ 30 ਅਗਸਤ : ਪੰਜ਼ਾਬ ਨੰਬਰਦਾਰ ਯੂਨੀਅਨ 643 ਵਲੋਂ ਲੰਬੇ ਸਮੇਂ ਤੋਂ ਨੰਬਰਦਾਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਵਿਧਾਨ ਸਭਾ ਦੀਆਂ ਚੋਣਾ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਯੂਨੀਅਨ ਦੇ ਆਗੂਆਂ ਨਾਲ ਵਾਅਦਾ ਕੀਤਾ ਸੀ ਕਿ ਆਪ ਦੀ ਸਰਕਾਰ ਬਣਦਿਆਂ ਹੀ ਨੰਬਰਦਾਰਾਂ ਦਾ ਮਾਣ ਭੱਤਾ ਵਧਾਇਆ ਜਾਵੇਗਾ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇਗੀ। ਇਹ ਵਿਚਾਰ ਅੱਜ ਨੰਬਰਦਾਰ ਯੂਨੀਅਨ ਦੇ ਜਿਲਾ ਪ੍ਰਧਾਨ ਜਲੰਧਰ ਦਿਹਾਤੀ ਹਰਕੰਵਲ ਸਿੰਘ ਮੁੰਧ ਅਤੇ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਪ੍ਰਧਾਨ ਗੁਰਦੇਵ ਲਾਲ ਸੰਧੂ ਨੇ ਡੀਸੀ ਜਲੰਧਰ ਨੂੰ ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕੀਤੇ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀਆਂ ਦੋ ਮੰਗਾਂ ਆਪਣੇ ਚੋਣ ਮਨੋਰਥ ਪੱਤਰ ਵਿਚ ਵੀ ਸ਼ਾਮਿਲ ਕੀਤੀਆਂ ਸਨ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਮੰਤਰੀ ਸਾਹਿਬਾਨ ਸਾਨੂੰ ਲਾਰੇ ਤੇ ਲਾਰਾ ਲਾਕੇ ਨੰਬਰਦਾਰਾਂ ਨੂੰ ਗੁੰਮਰਾਹ ਕਰ ਰਹੇ ਹਨ ।
ਨੰਬਰਦਾਰਾਂ ਦੇ ਸਬਰ ਨੂੰ ਸਰਕਾਰ ਤੋੜਕੇ ਤਿੱਖਾ ਸੰਘਰਸ ਕਰਨ ਲਈ ਮਜਬੂਰ ਕਰ ਰਹੀ ਹੈ। ਅੱਜ ਅਸੀਂ ਸੂਬੇ ਦੇ ਸਾਰੇ ਨੰਬਰਦਾਰ ਸਰਕਾਰ ਨੂੰ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਸਰਕਾਰ ਵਲੋਂ ਕੀਤੇ ਵਾਅਦੇ ਯਾਦ ਕਰਵਾ ਰਹੇ ਹਾਂ ਜੇਕਰ ਫ਼ਿਰ ਵੀ ਸਰਕਾਰ ਨੇ ਸਾਡੀਆਂ ਮੰਗਾਂ ਨਾਂ ਮੰਨੀਆਂ ਤਾਂ ਆਉਣ ਵਾਲੀਆਂ ਚਾਰ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਵਿੱਚ, ਪੰਚਾਇਤੀ ਚੋਣਾਂ ਵਿੱਚ, ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਪੰਜਾਬ ਦੇ ਪਿੰਡ ਪਿੰਡ ਜਾਕੇ ਨੰਬਰਦਾਰ ਰੋਸ ਮਾਰਚ ਕਢਣਗੇ। ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਪੀਲ਼ ਕੀਤੀ ਕਿ ਤੁਰੰਤ ਸਾਡੀਆਂ ਮੰਗਾਂ ਨੂੰ ਮੰਨਕੇ ਨੋਟੀਫਿਕੇਸ਼ਨ ਜਾਰੀ ਕਰਕੇ ਆਪਣਾ ਵਾਅਦਾ ਪੂਰਾ ਕਰਨ। ਇਸ ਮੌਕੇ ਤੇ ਨੰਬਰਦਾਰ ਰਾਜ ਕੁਮਾਰ ਮਹਿੰਮੀ ਜਿਲ੍ਹਾ ਜਨਰਲ ਸਕੱਤਰ ਜਲੰਧਰ ਦਿਹਾਤੀ ਅਤੇ ਨੰਬਰਦਾਰ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ ਅਤੇ ਤਹਿਸੀਲ ਜਲੰਧਰ -2 ਦੇ ਪ੍ਰਧਾਨ ਕੈਲਾਸ਼ ਕੁਮਾਰ ਤੇ ਜਲੰਧਰ ਤਹਿਸੀਲ -1 ਦੇ ਪ੍ਰਧਾਨ ਨੰਬਰਦਾਰ ਮੰਗਾਂ ਸਿੰਘ ਸ਼ੇਰਗਿੱਲ ਨੇ ਆਏ ਹੋਏ ਸਾਰੇ ਨੰਬਰਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਰੇ ਨੰਬਰਦਾਰ ਸਾਥੀ ਯੂਨੀਅਨ ਵਲੋਂ ਦਿੱਤੇ ਜਾਂਦੇ ਪ੍ਰੋਗਰਾਮਾਂ ਵਿੱਚ ਇਸੇ ਤਰ੍ਹਾਂ ਹੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਇਆ ਕਰੋ।

