ਜਲੰਧਰ : ਡੇਂਗੂ ਦੀ ਰੋਕਥਾਮ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜਰ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਸਿਵਲ ਸਰਜਨ ਦਫ਼ਤਰ ਵਿਖੇ ਜਿਲ੍ਹਾ ਪ੍ਰੋਗਰਾਮ ਅਫ਼ਸਰਾਂ, ਹੈਲਥ ਸੁਪਰਵਾਈਜ਼ਰਾਂ ਅਤੇ ਮਿਉਂਸੀਪਲ ਕਾਰਪੋਰੇਸ਼ਨ ਦੇ ਸਟਾਫ਼ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਐਡਵਾਈਜ਼ਰੀ ਦੀ ਪਾਲਣਾ ਕਰਦੇ ਹੋਏ ਸਿਹਤ ਵਿਭਾਗ ਜਲੰਧਰ ਵੱਲੋਂ ਡੇਂਗੂ ਤੋਂ ਬਚਾਅ ਲਈ ਜ਼ਿਲ੍ਹੇ ਵਿੱਚ 6 ਨਵੰਬਰ ਤੋਂ 12 ਨਵੰਬਰ ਤੱਕ ਇੱਕ ਹਫ਼ਤੇ ਦੀ ਡਰਾਈ ਡੇਅ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਵੱਲੋਂ ਸਮੂਹ ਪ੍ਰੋਗਰਾਮ ਅਫ਼ਸਰਾਂ ਅਤੇ ਹੈਲਥ ਸੁਪਰਵਾਈਜ਼ਰਾਂ ਨੂੰ ਪੂਰਾ ਹਫ਼ਤਾ ਚੱਲਣ ਵਾਲੀ ਇਸ ਵਿਸ਼ੇਸ਼ ਡ੍ਰਾਈ ਡੇਅ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਡੇਂਗੂ ਦੀ ਸਥਿਤੀ ‘ਤੇ ਕਾਬੂ ਕਰਨ ਲਈ ਹਰ ਸੰਭਵ ਉਪਰਾਲੇ ਕਰਨ ਲਈ ਕਿਹਾ ਗਿਆ।
ਡਾ. ਰਮਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ, ਸੀ.ਐਚ.ਸੀਜ਼ ਅਤੇ ਪੀ.ਐਚ.ਸੀਜ਼ ਵਿੱਚ ਤਾਇਨਾਤ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਮੈਡੀਕਲ ਅਫ਼ਸਰਾਂ ਨੂੰ ਡੇਂਗੂ ਦੇ ਕੇਸਾਂ ਲਈ 24 ਘੰਟੇ ਡਿਊਟੀ ‘ਤੇ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਡਰਾਈ ਡੇ ਮੁਹਿੰਮ ਵਿੱਚ ਮਿਉਂਸੀਪਲ ਕਾਰਪੋਰੇਸ਼ਨ, ਪੇਂਡੂ ਸਿਹਤ ਅਤੇ ਸਫਾਈ ਕਮੇਟੀ, ਕਮਿਊਨਿਟੀ ਹੈਲਥ ਅਫ਼ਸਰ, ਆਸ਼ਾ ਵਰਕਰਾਂ ਅਤੇ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਜਾਵੇਗਾ।
ਸਿਵਲ ਸਰਜਨ ਨੇ ਕਿਹਾ ਕਿ ਮੁਹਿੰਮ ਦੇ ਪਹਿਲੇ ਦਿਨ ਸੋਮਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲ੍ਹੇ ਵਿੱਚ ਘਰ-ਘਰ ਜਾ ਕੇ ਸਰਵੇ ਕੀਤਾ ਗਿਆ। ਇਸ ਮੁਹਿੰਮ ਦੌਰਾਨ ਸਿਹਤ ਟੀਮਾਂ ਵੱਲੋਂ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਵੀ ਸਰਵੇ ਦੌਰਾਨ ਕੂਲਰਾਂ, ਫਰਿੱਜਾਂ ਦੀਆਂ ਟ੍ਰੇਆਂ, ਗਮਲਿਆਂ ਅਤੇ ਮਛੱਰਾਂ ਦੇ ਪਨਪਣ ਵਾਲੀ ਥਾਵਾਂ ਦੀ ਚੈਕਿੰਗ ਕੀਤੀ ਗਈ ਅਤੇ ਜਿੱਥੇ ਵੀ ਲਾਰਵਾ ਪਾਈਆ ਗਿਆ ਉਸਨੂੰ ਨਸ਼ਟ ਕੀਤਾ ਗਿਆ। ਸਰਵੇ ਦੌਰਾਨ ਟੀਮਾਂ ਵੱਲੋਂ ਆਮ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਡੇਂਗੂ ਤੋਂ ਬਚਾਅ ਸੰਬੰਧੀ ਜਾਗਰੂਕ ਕਰਦੇ ਹੋਏ ਡੇਂਗੂ ਮੱਛਰ ਦੇ ਸੰਭਾਵੀ ਪ੍ਰਜਨਨ ਸਥਾਨਾਂ ਅਤੇ ਸਰੋਤਾਂ ਨੂੰ ਖਤਮ ਕਰਨ ਦੇ ਤਰੀਕਿਆਂ ਤੋਂ ਜਾਣੂ ਕਰਵਾਈਆ ਗਿਆ।
ਡਾ. ਰਮਨ ਸ਼ਰਮਾ ਵੱਲੋਂ ਜਲੰਧਰ ਵਾਸੀਆਂ ਦੀ ਸੂਝਬੂਝ ਦੀ ਸ਼ਲਾਘਾ ਕਰਦਿਆਂ ਦੱਸਿਆ ਗਿਆ ਕਿ ਜਲੰਧਰ ਵਾਸੀਆਂ ਦੇ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਕਰਨ ਸਦਕਾ ਜਲੰਧਰ ਜਿਲ੍ਹੇ ਵਿੱਚ ਇਸ ਸਾਲ ਹੁਣ ਤੱਕ ਬਾਕੀ ਜਿਲ੍ਹਿਆਂ ਦੇ ਮੁਕਾਬਲੇ ਡੇਂਗੂ ਦੇ ਕੇਸਾਂ ਵਿੱਚ ਕਾਫੀ ਹਦ ਤੱਕ ਕੰਟਰੋਲ ਦੀ ਸਥਿਤੀ ਰਹੀ ਹੈ, ਪਰ ਖਤਰਾ ਅਜੇ ਟਲਿਆ ਨਹੀਂ। ਡੇਂਗੂ ਫੈਲਾਉਣ ਵਾਲਾ ਮੱਛਰ ਅਜੇ ਵੀ ਪੂਰੀ ਤਰ੍ਹਾਂ ਐਕਟਿਵ ਹੈ। ਜਿਸ ਦੀ ਰੋਕਥਾਮ ਲਈ ਵਿਭਾਗ ਵੱਲੋਂ ਹਾਟ ਸਪਾਟ ਇਲਾਕਿਆਂ ਵਿੱਚ ਫੋਗਿੰਗ ਅਤੇ ਸਪਰੇਅ ਕਰਵਾਈ ਜਾ ਰਹੀ ਹੈ। ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਕਰਦੇ ਹੋਏ ਡੇਂਗੂ ਰੋਕਥਾਮ ਸੰਬੰਧੀ ਸਿਹਤ ਵਿਭਾਗ ਦੀਆਂ ਗਾਈਡਲਾਈਨਜ਼ ਦੀ ਪਾਲਣਾ ਯਕੀਨੀ ਬਣਾਈ ਜਾਵੇ ਤਾਕਿ ਡੇਂਗੂ ‘ਤੇ ਮਜਬੂਤੀ ਨਾਲ ਕਾਬੂ ਪਾਇਆ ਜਾ ਸਕੇ।
ਸਿਹਤ ਟੀਮਾਂ ਵੱਲੋਂ ਸੋਮਵਾਰ ਨੂੰ ਜਲੰਧਰ ਜਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ 2,626 ਘਰਾਂ ਦਾ ਦੌਰਾ ਕੀਤਾ ਗਿਆ ਅਤੇ ਜਿਨ੍ਹਾਂ ਵਿਚੋਂ ਸ਼ਹਿਰੀ ਖੇਤਰ ਵਿੱਚ 433 ਘਰਾਂ ਅਤੇ ਪੇਂਡੂ ਖੇਤਰ ਵਿੱਚ 2193 ਘਰਾਂ ਦਾ ਸਰਵੇ ਕੀਤਾ ਗਿਆ ਹੈ। ਜਿਸ ਦੌਰਾਨ 6 ਥਾਵਾਂ ‘ਤੇ ਡੇਂਗੂ ਲਾਰਵਾ ਪਾਈਆ ਗਿਆ, ਜਿਸਨੂੰ ਸਿਹਤ ਟੀਮਾਂ ਵੱਲੋਂ ਨਸ਼ਟ ਕੀਤਾ ਗਿਆ।

