ਕਰਤਾਰਪੁਰ 19 ਅਗਸਤ ( ਜਸਵੰਤ ਵਰਮਾ )ਜਲੰਧਰ ਵਿਖੇ ਕਰਵਾਏ ਗਏ 80ਵੇਂ ਸੁਤੰਤਰਤਾ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਦੀ ਡਾ. ਪ੍ਰੈਟੀ ਸੋਢੀ, ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਵਿਭਾਗ ਨੂੰ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ‘ਚ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਹ ਵੱਕਾਰੀ ਸਨਮਾਨ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਮਹਿੰਦਰ ਭਗਤ (ਰੱਖਿਆ ਸੇਵਾਵਾ ਭਲਾਈ, ਸੁਤੰਤਰਤਾ ਸੰਗਰਾਮੀ ਅਤੇ ਬਾਗਬਾਨੀ ਮੰਤਰੀ), ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਅਤੇ ਕਮਿਸ਼ਨਰ ਪੁਲਿਸ ਸ੍ਤਿੰਦਰ ਸਿੰਘ ਵੱਲੋਂ ਪ੍ਰਦਾਨ ਕੀਤਾ ਗਿਆ।
ਡਾ. ਪ੍ਰੈਟੀ ਸੋਢੀ ਨੂੰ ਉਨ੍ਹਾਂ ਦੇ ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ‘ਚ ਉੱਤਮ ਯੋਗਦਾਨ ਲਈ ਹੁਣ ਤੱਕ ਕਈ ਵੱਕਾਰੀ ਅਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਨੂੰ ਮਿਲੇ ਪ੍ਰਮੁੱਖ ਅਵਾਰਡ ਇਸ ਪ੍ਰਕਾਰ ਹਨ:
ਕਬੀਰ ਅਵਾਰਡ, ਮੋਸਟ ਐਂਟਰਪ੍ਰਾਈਜ਼ਿੰਗ ਟੀਚਰ ਅਵਾਰਡ, ਬੈਸਟ ਟੀਚਰ ਅਵਾਰਡ, ਮੋਸਟ ਇਨੋਵੇਟਿਵ ਪ੍ਰਿੰਸੀਪਲ ਅਵਾਰਡ, ਮਾਸਟਰ ਗੁਰਬੰਤਾ ਸਿੰਘ ਔਨੈਸਟੀ ਅਵਾਰਡ, ਸੰਤ ਸਿੰਘ ਸੁੱਖਾ ਸਿੰਘ ਅਵਾਰਡ ਅਤੇ ਰਤਨ-ਏ-ਪੰਜਾਬ ਅਵਾਰਡ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਚੌਧਰੀ ਸੁਰਿੰਦਰ ਸਿੰਘ, ਸਕੱਤਰ ਸ੍ਰੀ ਹਰੀਪਾਲ ਅਤੇ ਸਮੂਹ ਸਟਾਫ ਨੇ ਡਾ. ਸੋਢੀ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਮਿਹਨਤ, ਲਗਨ ਅਤੇ ਵਿਦਿਆਰਥੀਆਂ ਪ੍ਰਤੀ ਸਮਰਪਣ ਕਾਲਜ ਲਈ ਮਾਣ ਦੀ ਗੱਲ ਹੈ। ਉਹਨਾਂ ਦੀਆਂ ਪ੍ਰਾਪਤੀਆਂ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹਨ।
ਡਾ. ਸੋਢੀ ਨੇ ਇਸ ਸਨਮਾਨ ਦਾ ਸਿਹਰਾ ਕਾਲਜ ਪ੍ਰਬੰਧਕਾਂ, ਸਾਥੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਿਰ ਬੰਨ੍ਹਦਿਆਂ ਕਿਹਾ ਕਿ “ਇਹ ਸਨਮਾਨ ਮੇਰਾ ਨਹੀਂ ਸਗੋਂ ਪੂਰੇ ਅਧਿਆਪਕ ਵਰਗ ਦੀ ਮਿਹਨਤ ਦਾ ਪ੍ਰਤੀਕ ਹੈ।”

