ਸਿਹਤ ਵਿਭਾਗ ਜਲੰਧਰ ਦੀਆਂ ਟੀਮਾਂ ਵੱਲੋਂ ਪਹਿਲੇ ਦਿਨ ਜਿਲ੍ਹੇ ਵਿੱਚ 96,904 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਰੋਕੂ ਬੂੰਦਾਂ
ਜਲੰਧਰ 3 ਮਾਰਚ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਡਾ. ਰਮਨ ਸ਼ਰਮਾ ਵੱਲੋਂ ਐਤਵਾਰ ਨੂੰ ਰਾਸ਼ਟਰੀ ਪਲਸ ਪੋਲੀਓ ਰਾਉਂਡ-2024 ਦੇ ਪਹਿਲੇ ਦਿਨ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਸਿਵਲ ਹਸਪਤਾਲ ਜਲੰਧਰ ਵਿਖੇ ਨਵ-ਜਨਮੇ ਬੱਚੇ ਨੂੰ ਪੋਲੀਓ ਰੋਕੂ ਬੂੰਦਾ ਪਿਲਾ ਕੇ ਰਸਮੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਮੌਕੇ ਤੇ ਪੋਲੀਓ ਰੋਧਕ ਬੂੰਦਾਂ ਪਿਲਾਉਣ ਵਾਲੀ ਟੀਮ ਨੂੰ ਜ਼ਰੂਰੀ ਹਦਾਇਤਾਂ ਦਿੰਦੇ ਹੋਏ ਆਪਣੀ ਡਿਊਟੀ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੋਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਦੌਰਾਨ ਸਿਵਲ ਸਰਜਨ ਡਾ. ਜਗਦੀਪ ਚਾਵਲਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਐਸ.ਐਮ.ਓ. ਡਾ. ਗੁਰਮੀਤ ਲਾਲ ਵੱਲੋਂ ਵੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਉਪਰੰਤ ਡਿਪਟੀ ਡਾਇਰੈਕਟਰ ਡਾ. ਰਮਨ ਸ਼ਰਮਾ ਵੱਲੋਂ ਦਾਦਾ ਕਲੋਨੀ, ਇੰਦਰਾ ਕਲੋਨੀ, ਸੰਜੇ ਗਾਂਧੀ ਨਗਰ, ਗੋਰਾਈਆ, ਫਿਲੌਰ, ਕਰਤਾਰਪੁਰ ਆਦਿ ਦੇ ਸਲਮ ਖੇਤਰਾਂ ਵਿੱਚ ਲੱਗੇ ਪੋਲੀਓ ਬੂੰਥਾਂ ਦਾ ਜਾਇਜਾ ਲਿਆ ਗਿਆ।
ਸਿਵਲ ਹਸਪਤਾਲ ਵਿਖੇ ਪਲਸ ਪੋਲੀਓ ਰਾਉਂਡ ਦੀ ਰਸਮੀ ਸ਼ੁਰੂਆਤ ਦੌਰਾਨ ਐਸ.ਐਮ.ਓ. ਡਾ. ਰਮਨ ਗੁਪਤਾ, ਸਰਵੇਲੈਂਸ ਮੈਡੀਕਲ ਅਫਸਰ(ਡਬਲਯੂ.ਐਚ.ਓ.) ਡਾ. ਗਗਨ ਸ਼ਰਮਾ, ਐਸ.ਐਮ.ਓ. ਡਾ. ਮੀਰਾ, ਮੈਡੀਕਲ ਅਫਸਰ ਡਾ. ਇੰਦੂ , ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਜਿਲ੍ਹਾ ਆਰ.ਬੀ.ਐਸ.ਕੇ. ਕੋਆਰਡੀਨੇਟਰ ਪਰਮਵੀਰ ਸਿੰਘ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਐਲ.ਐਚ.ਵੀ. ਸਤਵਿੰਦਰ ਕੌਰ, ਫੀਲਡ ਮੋਨੀਟਰ ਮਨਪ੍ਰੀਤ ਸਿੰਘ ਅਤੇ ਸਿਹਤ ਵਿਭਾਗ ਦਾ ਹੋਰ ਸਟਾਫ ਮੌਜੂਦ ਸਨ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ ਦੱਸਿਆ ਗਿਆ ਕਿ ਪਲਸ ਪੋਲੀਓ ਰਾਉਂਡ ਦੇ ਪਹਿਲੇ ਦਿਨ ਜਿਲ੍ਹੇ ਵਿੱਚ ਜਨਮ ਤੋਂ ਲੈ ਕੇ 5 ਸਾਲ ਤੱਕ ਦੀ ਉਮਰ ਦੇ 96,904 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਅਗਲੇ ਦੋ ਦਿਨ ਘਰ-ਘਰ ਜਾ ਕੇ ਪੋਲੀਓ ਟੀਮਾਂ ਵੱਲੋਂ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਲਮ ਏਰੀਆ, ਝੁੱਗੀਆਂ ਝੋਪੜੀਆਂ, ਡੇਰੇ, ਇੰਡਸਟਰੀ ਏਰੀਆ, ਇੱਟਾਂ ਦੇ ਭੱਠੇ ਆਦਿ ਥਾਵਾਂ ਤੇ ਜਾ ਕੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 2249 ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ 55 ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ। ਇਸਦੀ ਸੁਪਰਵਿਜ਼ਨ ਕਰਨ ਲਈ 271 ਸੁਪਰਵਾਈਜ਼ਰ ਲਗਾਏ ਗਏ ਹਨ ਤਾਂ ਜੋ ਕੋਈ ਵੀ ਜਨਮ ਤੋਂ ਲੈ ਕੇ 5 ਸਾਲ ਤੱਕ ਦੀ ਉਮਰ ਦਾ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ।

