ਜਲੰਧਰ, 29 ਦਸੰਬਰ : ਡਿਪਟੀ ਕਮਿਸ਼ਨਰ ਪੁਲਿਸ (ਲਾਅ ਐਂਡ ਆਰਡਰ) ਅੰਕੁਰ ਗੁਪਤਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਾਈਬਰ ਕ੍ਰਾਈਮ ਨੂੰ ਰੋਕਣ ਲਈ, ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ, ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਹੁਕਮ ਜਾਰੀ ਕੀਤੇ ਗਏ ਹਨ ਕਿ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਆਉਂਦੇ ਸਾਰੇ ਮੋਬਾਇਲ ਫੋਨ ਅਤੇ ਸਿਮ ਵਿਕਰੇਤਾ, ਮੋਬਾਇਲ ਫੋਨ ਅਤੇ ਸਿਮ ਵੇਚਦੇ ਸਮੇਂ ਖ਼ਰੀਦਦਾਰ ਪਾਸੋਂ ਪਛਾਣ ਪੱਤਰ/ਆਈ.ਡੀ.ਪਰੂਫ/ਫੋਟੋ ਹਾਸਲ ਕੀਤੇ ਬਿਨਾਂ ਮੋਬਾਇਲ ਫੋਨ ਅਤੇ ਸਿਮ ਨਹੀਂ ਵੇਚਣਗੇ ਅਤੇ ਮੋਬਾਇਲ ਫੋਨ ਗਾਹਕ/ਵਿਕਰੇਤਾ ਪਾਸੋਂ ਖ਼ਰੀਦ ਕਰਨ ਸਮੇਂ ਗਾਹਕ/ਵਿਕਰੇਤਾ ਨੂੰ ਵੀ ਆਪਣੀ ਫ਼ਰਮ ਦੀ ਮੋਹਰ ਅਤੇ ਦਸਤਖਤਾਂ ਹੇਠ ‘ਪ੍ਰਚੇਜ਼ ਸਰਟੀਫਿਕੇਟ’ ਦੇਣਗੇ।
ਇਸ ਤੋਂ ਇਲਾਵਾ ਫੋਨ ਖ਼ਰੀਦਣ ਸਮੇਂ ਖ਼ਰੀਦਦਾਰ ਜਾਂ ਕੋਈ ਉਸਦਾ ਰਿਸ਼ਤੇਦਾਰ/ਜਾਣਕਾਰ ਵਿਅਕਤੀ, ਜਿਸ ਦੇ ਅਕਾਊਂਟ ਵਿਚੋਂ ਯੂ.ਪੀ.ਆਈ. ਪੇਮੈਂਟ ਜਾਂ ਕਾਰਡ ਰਾਹੀਂ ਜਾਂ ਆਨਲਾਈਨ ਅਦਾਇਗੀ ਕੀਤੀ ਜਾਂਦੀ ਹੈ ਤਾਂ ਉਸ ਵਿਅਕਤੀ ਦਾ ਆਈ.ਡੀ. ਪਰੂਫ ਵੀ ਦੁਕਾਨਦਾਰ ਹਾਸਲ ਕਰਨ ਦੇ ਜ਼ਿੰਮੇਵਾਰ ਹੋਣਗੇ ਅਤੇ ਗਾਹਕ ਦਾ ਨਾਮ ਅਤੇ ਜਨਮ ਮਿਤੀ, ਪਿਤਾ ਦਾ ਨਾਮ, ਘਰ ਦਾ ਪੂਰਾ ਪਤਾ, ਜਿਸ ਨੂੰ ਫੋਨ ਜਾਂ ਸਿਮ ਵੇਚਿਆ ਹੈ ਜਾਂ ਜਿਸ ਪਾਸੋਂ ਫੋਨ ਖ਼ਰੀਦਿਆ ਹੈ, ਉਸ ਦਾ ਆਈ.ਡੀ. ਪਰੂਫ, ਮੋਬਾਇਲ ਅਤੇ ਸਿਮ ਖ਼ਰੀਦਣ ਵਾਲੇ ਵਿਅਕਤੀ ਦੇ ਅੰਗੂਠੇ ਦਾ ਨਿਸ਼ਾਨ ਅਤੇ ਦਸਤਖ਼ਤ, ਮੋਬਾਇਲ ਫੋਨ ਵੇਚਣ/ਖ਼ਰੀਦਣ ਦੀ ਮਿਤੀ ਅਤੇ ਸਮਾਂ, ਜਿਸ ਵਿਅਕਤੀ ਦੇ ਅਕਾਊਂਟ ਵਿਚੋਂ ਪੇਮੈਂਟ ਹੋਈ ਹੈ, ਉਸ ਵਿਅਕਤੀ ਦਾ ਆਈ.ਡੀ.ਪਰੂਫ ਅਤੇ ਗਾਹਕ ਦੀ ਫੋਟੋ ਅਨੁਸਾਰ ਰਿਕਾਰਡ ਰਜਿਸਟਰ ਮੈਨਟੇਨ ਕਰਨਗੇ। ਇਹ ਹੁਕਮ 25.02.2025 ਤੱਕ ਲਾਗੂ ਰਹੇਗਾ।


