ਕਪੂਰਥਲਾ ( ਗੌਰਵ ਮੜੀਆ ) ਵਿਰਾਸਤ ਸ਼ਹਿਰ ਕਪੂਰਥਲਾ ਦੇ ਸ਼ਹਿਰ ਅਤੇ ਪਿੰਡ ਦੀਆਂ ਪ੍ਰਮੁੱਖ ਸਮਸਿਆਵਾਂ ਨੂੰ ਲੈਕੇ ਸੋਮਵਾਰ ਨੂੰ ਅਵੀ ਰਾਜਪੂਤ ਹਲਕਾ ਸੇਵਾਦਾਰ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨਲ ਸਿੰਘ ਨਾਲ ਮੁਲਾਕਾਤ ਕੀਤੀ।ਇਸ ਦੌਰਾਨ ਅਵੀ ਰਾਜਪੂਤ ਨੇ ਸ਼ਹਿਰ ਅਤੇ ਪਿੰਡ ਦੀਆਂ ਮੁੱਖ ਸਮੱਸਿਆਵਾਂ ਨੂੰ ਲੈ ਕੇ ਮੁਲਾਕਾਤ ਕੀਤੀ।ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਸਮੱਸਿਆਵਾਂ ਤੋਂ ਜਾਣੂ ਕਰਵਾਉਂਦੇ ਹੋਏ ਅਵੀ ਰਾਜਪੂਤ ਨੇ ਦੱਸਿਆ ਕਿ ਜ਼ਿਲ੍ਹਾ ਕਚਹਿਰੀ ਦੇ ਕਰਤਾਰਪੁਰ ਰੋਡ ਤੇ ਸਟਰੀਟ ਲਾਈਟਾਂ ਨਾ ਹੋਣ ਕਾਰਨ ਚੋਰੀਆਂ,ਲੁੱਟਾਂ-ਖੋਹਾਂ ਅਤੇ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਇਸ ਦੇ ਨਾਲ ਹੀ ਸ਼ਹੀਦ ਐਸਪੀ ਚੋਂਕ ਵਿਖੇ ਬੱਚਿਆਂ ਦੇ ਖੇਡਣ ਲਈ ਬਣੇ ਪਾਰਕਾਂ ਵਿੱਚ ਤੁਰੰਤ ਸੁਧਾਰ ਕਰਨ,ਸ਼ਹਿਰ ਦੀਆਂ ਕਈ ਸੜਕਾਂ ਕਿਨਾਰੇ ਕੂੜਾ ਸੁੱਟਣ ਤੋਂ ਰੋਕਣ ਲਈ ਸਖਤ ਪ੍ਰਬੰਧ ਕਰਨ ਅਤੇ ਬਜ਼ਾਰਾਂ ਵਿੱਚ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਅਪੀਲ ਕੀਤੀ ਗਈ।
ਇਸ ਦੇ ਨਾਲ ਹੀ ਅਵੀ ਰਾਜਪੂਤ ਨੇ ਡਿਪਟੀ ਕਮਿਸ਼ਨਰ ਤੋਂ ਆਗਾਮੀ ਸਰਪੰਚੀ ਚੋਣਾਂ ਤੋਂ ਪਹਿਲਾਂ ਸਾਰੇ ਪਿੰਡਾਂ ਦੀਆਂ ਵੋਟਰ ਸੂਚੀਆਂ ਨੂੰ ਦਰੁਸਤ ਕਰਨ ਦੀ ਮੰਗ ਵੀ ਕੀਤੀ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦੀ ਹੱਲ ਕਰਵਾਉਣ ਦਾ ਭਰੋਸ਼ ਦਿੱਤਾ।ਇਸ ਤੋਂ ਬਾਅਦ ਅਵੀ ਰਾਜਪੂਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹੀਂ ਦਿਨੀਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਟੁੱਟੀਆਂ ਸੜਕਾਂ ਅਤੇ ਫੈਲੀ ਗੰਦਗੀ ਕਾਰਨ ਸ਼ਹਿਰ ਵਾਸੀਆਂ ਨੂੰ ਹਰ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉੱਥੇ ਹੀ ਟੁੱਟੀਆਂ ਸੜਕਾਂ ਕਾਰਨ ਜਿੱਥੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਉੱਥੇ ਹੀ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰਾਂ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਦੇ ਬਾਵਜੂਦ ਸਬੰਧਤ ਵਿਭਾਗ ਸਮੱਸਿਆਵਾਂ ਦੇ ਹੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੈਨਿਕ ਸਕੂਲ ਰੋਡ ਨੇੜੇ ਵੱਡਾ ਟੋਆ ਪੈ ਗਿਆ ਹੈ,ਇਸ ਟੋਏ ਕਾਰਨ ਰਾਹਗੀਰਾਂ ਨੂੰ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਦੂਜੇ ਪਾਸੇ ਸ਼ਹਿਰ ਚ ਧਾਰਮਿਕ ਸਥਾਨਾਂ ਦੇ ਨੇੜੇ ਲੱਗੇ ਕੂੜੇ ਦੇ ਢੇਰਾਂ ਦੀ ਤਸਵੀਰ ਸ਼ਹਿਰ ਚ ਸਫ਼ਾਈ ਵਿਵਸਥਾ ਦੀ ਪੋਲ ਖੋਲ੍ਹ ਰਹੀ ਹੈ।ਸੜਕਾਂ ਦੇ ਕਿਨਾਰੇ ਲੱਗੇ ਕੂੜੇ ਦੇ ਢੇਰਾਂ ਕਾਰਨ ਲੰਘਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉੱਥੇ ਹੀ ਕੁੜੇ ਤੇ ਦਿਨ ਭਰ ਬੇਸਹਾਰਾ ਪਸ਼ੂਆਂ ਦਾ ਵੀ ਇਕੱਠ ਰਹਿੰਦਾ ਹੈ,ਜੋ ਅਕਸਰ ਹੀ ਲੰਘਣ ਵਾਲੇ ਲੋਕਾਂ ਤੇ ਹਮਲਾ ਕਰ ਦਿੰਦੇ ਹਨ।ਨਗਰ ਨਿਗਮ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸ਼ਹੀਦ ਐਸਪੀ ਬਲਜੀਤ ਸਿੰਘ ਚੌਕ ਨੇੜੇ ਬੱਚਿਆਂ ਦੇ ਖੇਡਣ ਲਈ ਬਣਾਏ ਗਏ ਸਾਲਾਂ ਪੁਰਾਣੇ ਪਾਰਕ ਦੀ ਹਾਲਤ ਤਰਸਯੋਗ ਹੈ।ਇਸ ਨੂੰ ਦਰੁਸਤ ਕਰਨ ਲਈ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।ਜਿਸ ਦਾ ਖਮਿਆਜ਼ਾ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸ਼ਹਿਰ ਵਾਸੀਆਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਉਹ ਕਪੂਰਥਲਾ ਨੂੰ ਮੁੜ ਪੈਰਿਸ ਵਰਗਾ ਬਣਾ ਦੇਣਗੇ,ਪਰ ਸੱਚਾਈ ਲੋਕਾਂ ਦੇ ਸਾਹਮਣੇ ਹੈ ਕਿ ਡੇਢ ਸਾਲ ਬੀਤ ਜਾਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਨੇ ਆਪਸ ਵਿੱਚ ਧੜੇਬੰਦੀ ਅਤੇ ਅਖਬਾਰਾਂ ਵਿੱਚ ਬਿਆਨਬਾਜ਼ੀ ਕਰਨ ਤੋਂ ਸਿਵਾਏ ਸ਼ਹਿਰ ਦੀ ਭਲਾਈ ਲਈ ਕੁਝ ਨਹੀਂ ਕੀਤਾ।

