ਕਰਤਾਰਪੁਰ, (ਜਸਵੰਤ ਵਰਮਾ) ਸਰਕਾਰ ਵਲੋਂ ਔਰਤਾਂ ਦੀ ਸੁਰੱਖਿਆ ਲਈ ਭਾਵੇਂ ਲੱਖਾਂ ਬਿਆਨ ਅਤੇ ਇਸ਼ਤਿਹਾਰਾਂ ਦੀ ਝੜੀ ਲਗਾਈ ਹੋਈ ਪ੍ਰੰਤੂ ਔਰਤਾਂ ਅੱਜ ਵੀ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਮੌਤ ਦੇ ਮੂੰਹ ਚ ਜਾ ਰਹੀਆਂ ਹਨ। ਇਸਤਰੀ ਜਾਗ੍ਰਿਤੀ ਮੰਚ ਦੇ ਜ਼ਿਲ੍ਹਾ ਸਕੱਤਰ ਜਸਵੀਰ ਕੌਰ ਜੱਸੀ, ਜ਼ਿਲ੍ਹਾ ਆਗੂ ਬਲਵਿੰਦਰ ਕੌਰ ਅਤੇ ਦਲਜੀਤ ਕੌਰ ਨੇ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਗਈ ਨੇਹਾ ਦੇ ਕਤਲ ਮਾਮਲੇ ਵਿੱਚ ਕਰਤਾਰਪੁਰ ਪੁਲਿਸ ਵਲੋਂ ਕਾਤਲ ਉਸਦੇ ਪਤੀ ਅਤੇ ਸੱਸ ਨੂੰ ਗ੍ਰਿਫ਼ਤਾਰ ਨਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਧੂਰੀ ਦੀ ਰਹਿਣ ਵਾਲੀ ਨੇਹਾ ਜ਼ਿਲ੍ਹਾ ਜਲੰਧਰ ਦੇ ਮੁਹੱਲਾ ਮਲਣਾ ਕਰਤਾਰਪੁਰ ਵਿਖੇ ਵਿਆਹੀ ਹੋਈ ਸੀ।
ਨੇਹਾ ਜੋ ਕਿ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਿਆਂ ਆਖ਼ਰ ਜ਼ਿੰਦਗੀ ਦੀ ਜੰਗ ਹਾਰ ਗਈ। ਮਰਨ ਤੋਂ ਪਹਿਲਾਂ ਜੇਰੇ ਇਲਾਜ਼ ਨੇਹਾ ਵਲੋਂ ਜੱਜ ਨੂੰ ਦਿੱਤੇ ਬਿਆਨਾਂ ਅਨੁਸਾਰ ਉਸਦੇ ਪਤੀ ਉਮੰਗ ਬੱਸੀ ਅਤੇ ਉਸ ਦਦੀ ਸੱਸ ਨੇ ਨਸ਼ੀਲੀ ਚੀਜ਼ ਪਿਲਾ ਕੇ ਉਸ ਨੂੰ ਮਰਨ ਲਈ ਮਜਬੂਰ ਕਰ ਦਿੱਤਾ ਗਿਆ। ਲੜਕੀ ਦੇ ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਨੇਹਾ ਨੂੰ ਪਿਛਲੇ ਛੇ-ਸੱਤ ਸਾਲ ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਏਥੇ ਇਹ ਵੀ ਜ਼ਿਕਰਯੋਗ ਹੈ ਕਿ ਨੇਹਾ ਦਾ ਪਤੀ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਆਗੂ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਕਹਿਣ ਅਨੁਸਾਰ ਕਰਤਾਰਪੁਰ ਪੁਲਿਸ ਦੁਆਰਾ ਇਸ ਕੇਸ ਵਿੱਚ ਕਾਰਵਾਈ ਕਰਨ ਤੋਂ ਟਾਲਮਟੋਲ ਕੀਤੀ ਜਾ ਰਹੀ।ਜੋ ਅਤਿ ਨਿੰਦਣਯੋਗ ਹੈ। ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਦੇ ਆਗੂਆਂ ਨੇ ਕਿਹਾ ਕਿ ਪੁਲਿਸ ਨੂੰ ਕਤਲ ਤੇ ਨਾਮਜ਼ਦ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।

