ਕਰਤਾਰਪੁਰ, 26 ਜੂਨ (ਜਸਵੰਤ ਵਰਮਾ) ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਵਰੁਣ ਬਾਵਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਿੱਚ ਨਗਰ ਕੌਂਸਲ ਦਾ ਪੂਰਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਤੋਂ ਬਿਨਾਂ, ਸ਼ਹਿਰ ਸਫ਼ਾਈ ਪ੍ਰਣਾਲੀ, ਸਟਰੀਟ ਲਾਈਟਾਂ ਅਤੇ ਪਾਣੀ ਸਪਲਾਈ,ਸੀਵਰੇਜ ਪ੍ਰਣਾਲੀਆਂ ਨੂੰ ਪੂਰੀ ਤਰ੍ਹਾਂ ਠੀਕ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰ ਦਾ ਕੂੜਾ ਘਰ-ਘਰ ਕੂੜਾ ਚੱਕਣ ਵਾਲੇ ਸਫਾਈ ਕਰਮਚਾਰੀਆਂ ਨੂੰ ਸੌਂਪਣ ਅਤੇ ਸੜਕਾਂ ‘ਤੇ ਕੂੜਾ ਨਾ ਸੁੱਟਣ।
ਜੇਕਰ ਸਫ਼ਾਈ, ਸਟਰੀਟ ਲਾਈਟਾਂ ਜਾਂ ਸੀਵਰੇਜ ਨਾਲ ਕੋਈ ਸਮੱਸਿਆ ਹੈ, ਤਾਂ ਉਨ੍ਹਾਂ ਨੂੰ ਨਗਰ ਕੌਂਸਲ ਦਫਤਰ ਜਾ ਕੇ ਰਜਿਸਟਰ ਵਿੱਚ ਸ਼ਿਕਾਇਤ ਦਰਜ ਕਰਾਣੀ ਚਾਹੀਦੀ ਹੈ ਤਾਂ ਜੋ ਸਮੱਸਿਆ ਦੇ ਹੱਲ ਲਈ ਸੰਬੰਧਿਤ ਸਟਾਫ ਦੀ ਡਿਊਟੀ ਲਗਾਈ ਜਾ ਸਕੇ । ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਪਾਣੀ ਦੀ ਸਪਲਾਈ ਭਰਨ ਤੋਂ ਬਾਅਦ ਆਪਣੀਆਂ ਟੂਟੀਆਂ ਬੰਦ ਕਰੋ ਅਤੇ ਇਹ ਯਕੀਨੀ ਬਣਾਓ ਕਿ ਦੂਜਿਆਂ ਨੂੰ ਵੀ ਪਾਣੀ ਮਿਲ ਸਕੇ । ਬਾਵਾ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਸ਼ਹਿਰ ਨੂੰ ਸਾਫ਼ ਅਤੇ ਸੁੰਦਰ ਬਣਾਉਣ ਦੀ ਹੈ।
ਬਾਵਾ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਰਾਹਗੀਰਾਂ ਨੂੰ ਅਸੁਵਿਧਾ ਤੋਂ ਬਚਣ ਲਈ ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਨਾ ਰੱਖਣ ਬਾਵਾ ਨੇ ਇੱਕ ਵਾਰ ਫਿਰ ਕਰਤਾਰਪੁਰ ਸ਼ਹਿਰ ਦੇ ਨਿਵਾਸੀਆਂ ਨੂੰ ਨਗਰ ਕੌਂਸਲ ਨੂੰ ਆਪਣਾ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ।

