18 ਕਲਮਕਾਰਾਂ ਅਤੇ ਪੰਜਾਬੀ ਭਾਸ਼ਾ ਦੀ ਸੇਵਾ ਹਿੱਤ 4 ਹੋਰ ਸੇਵਕਾਂ ਨੂੰ ਮਿਲੇ ਪੁਰਸਕਾਰ
ਕਪੂਰਥਲਾ ( ਗੌਰਵ ਮੜੀਆ) ਕਪੂਰਥਲਾ ਜ਼ਿਲ੍ਹੇ ਦੀ ਵਿਸ਼ਵ ਪ੍ਰਸਿੱਧ ਸਾਹਿਤ ਸਭਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਅਤੇ ਉੱਘੇ ਸਮਾਜ ਸੇਵਕ ਸ਼੍ਰੀ ਸੁੱਖੀ ਬਾਠ ਜੀ ਦੇ ਸਹਿਯੋਗ ਨਾਲ ਸਿਰਜਣਾ ਕੇਂਦਰ ਦੇ 22 ਲੇਖਕਾਂ, ਕਵੀਆਂ ਅਤੇ ਭਾਸ਼ਾ ਦਾ ਪਰਚਾਰ ਅਤੇ ਪਾਸਾਰ ਕਰਨ ਵਾਲੇ ਪੰਜਾਬੀ ਪਿਆਰਿਆਂ ਨੂੰ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਬਦਲੇ ਵਿਸ਼ੇਸ਼ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਵਿਸ਼ੇਸ਼ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀ ਸੁੱਖੀ ਬਾਠ, ਡਾ. ਗੁਰਬਖਸ਼ ਸਿੰਘ ਭੰਡਾਲ, ਡਾ. ਸਵਰਨ ਸਿੰਘ, ਕੰਵਰ ਇਕਬਾਲ ਸਿੰਘ, ਆਸ਼ੂ ਕੁਮਰਾ ਅਤੇ ਪ੍ਰਿੰ. ਕੇਵਲ ਸਿੰਘ ਰੱਤੜਾ ਨੇ ਕੀਤੀ ! ਸਮਾਗਮ ਦੀ ਸ਼ੁਰੂਆਤ ਵਿੱਚ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਸਮੁੱਚੀ ਰੂਪ ਰੇਖਾ ਦੀ ਜਾਣਕਾਰੀ ਦਿੱਤੀ ਅਤੇ ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਸਨਮਾਨ ਸਮਾਗਮ ਦੀ ਸ਼ੁਰੂਆਤ ਦੌਰਾਨ ਨਾਮਵਰ ਸੂਫ਼ੀ ਗਾਇਕ ਪੰਮੀ ਹੰਸਪਾਲ ਨੇ ਗਿਆਨ ਸਿੰਘ ਸੰਧੂ ਅਤੇ ਰਾਜਵਿੰਦਰ ਸਿੰਘ ਜਰਮਨੀ ਦੀਆਂ ਰਚਨਾਵਾਂ ਨੂੰ ਆਪਣੀ ਬੁਲੰਦ ਆਵਾਜ਼ ਵਿੱਚ ਗਾਇਨ ਕਰ ਕੇ ਸੁਣਨ ਵਾਲਿਆਂ ਦਾ ਮਨ ਮੋਹ ਲਿਆ। ਇਲਾਕੇ ਦੇ ਗਾਇਕ ਰਮਨ ਭਾਰਦਵਾਜ ਨੇ ਜਨਾਬ ਹਰਫੂਲ ਸਿੰਘ ਦੀ ਗ਼ਜ਼ਲ ਬਾ-ਤਰੱਨੁਮ ਸੁਣਾ ਕੇ ਮਾਹੌਲ ਨੂੰ ਹੋਰ ਖ਼ੁਸ਼ਨੁਮਾ ਬਣਾ ਦਿੱਤਾ। ਕੇਂਦਰ ਦੇ ਅਤੇ ਹੋਰ ਸਾਹਿਤ ਸਭਾਵਾਂ ਨਾਲ ਜੁੜੇ ਕੁੱਲ 22 ਕਲਮਕਾਰਾਂ ਨੂੰ ਸਾਹਿਤ ਸਿਰਜਣਾ ਲਈ ਸਨਮਾਨ ਚਿੰਨ੍ਹ, ਸਨਮਾਨ ਪੱਤਰ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ।
ਕੇਂਦਰ ਦੀ ਸਹਾਇਕ ਮੀਡੀਆ ਇੰਚਾਰਜ ਰਜਨੀ ਵਾਲੀਆ ਨੇ ਜਾਣਕਾਰੀ ਦਿੱਤੀ ਕਿ ਵਿਸ਼ੇਸ਼ ਬੁਲਾਰਿਆਂ ਵਿੱਚ ਪ੍ਰੋ. ਕੁਲਵੰਤ ਸਿੰਘ ਔਜਲਾ, ਡਾ. ਰਾਮ ਮੂਰਤੀ, ਕੰਵਰ ਇਕਬਾਲ ਸਿੰਘ, ਆਸ਼ੂ ਕੁਮਰਾ, ਡਾ. ਆਸਾ ਸਿੰਘ ਘੁੰਮਣ, ਸੁਰਜੀਤ ਸਾਜਨ, ਰੌਸ਼ਨ ਖੈੜਾ, ਡਾ. ਸਰਦੂਲ ਸਿੰਘ ਔਜਲਾ, ਰੂਪ ਦਬੁਰਜੀ, ਡਾ. ਭੁਪਿੰਦਰ ਕੌਰ ਅਤੇ ਪ੍ਰਿੰ. ਪ੍ਰੋਮਿਲਾ ਅਰੋੜਾ ਸ਼ਾਮਿਲ ਸਨ। ਉਕਤ ਬੁਲਾਰਿਆਂ ਨੇ ਜਿਸ ਮਰਹੂਮ ਕਲਮਕਾਰ ਦੀ ਯਾਦ ਵਿੱਚ ਸਨਮਾਨ ਦਿੱਤਾ ਜਾਣਾ ਹੈ ਅਤੇ ਜਿਸ ਕਲਮਕਾਰ ਨੂੰ ਸਨਮਾਨਿਤ ਕੀਤਾ ਜਾਣਾ ਹੈ, ਬਾਰੇ ਬਹੁਤ ਪ੍ਰਭਾਵਸ਼ਾਲੀ ਅਤੇ ਸੰਖੇਪ ਢੰਗ ਨਾਲ ਜਾਣਕਾਰੀ ਦਿੱਤੀ। ਸਨਮਾਨ ਦੀ ਰਸਮ ਤੋਂ ਬਾਅਦ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਸੁੱਖੀ ਬਾਠ ਨੇ ਦੱਸਿਆ ਕਿ ਪੰਜਾਬ ਭਵਨ ਕਨੇਡਾ ਹਮੇਸ਼ਾ ਹੀ ਪੰਜਾਬੀ ਭਾਸ਼ਾ ਨਾਲ ਜੁੜੀਆਂ ਸਾਹਿਤਕ ਅਤੇ ਸਿਰਜਣਾਤਮਕ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ, ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਇਹ ਵਿਸ਼ੇਸ਼ ਸਨਮਾਨ ਸਮਾਗਮ ਉਲੀਕਿਆ ਗਿਆ ਹੈ ਤਾਂ ਜੋ ਜ਼ਿਲ੍ਹੇ ਅਤੇ ਕੇਂਦਰ ਦੇ ਮਰਹੂਮ ਕਲਮਕਾਰਾਂ ਦੀ ਯਾਦ ਵਿੱਚ ਮੌਜੂਦਾ ਕਲਮਕਾਰਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾ ਸਕੇ। ਸੁੱਖੀ ਬਾਠ ਨੇ ਕੇਂਦਰ ਦੇ ਮੈਂਬਰਾਂ ਦੀਆਂ ਰਚਵਾਨਾਂ ਨੂੰ ਅਮਲੀ ਰੂਪ ਦੇਣ ਲਈ ਪੰਜਾਬ ਭਵਨ ਦੇ ਸਹਿਯੋਗ ਨਾਲ ਸਾਂਝਾ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਵਾਉਣ ਦਾ ਵੀ ਇਕਰਾਰ ਕੀਤਾ।

ਵਿਸ਼ੇਸ਼ ਮਹਿਮਾਨ ਡਾ. ਗੁਰਬਖਸ਼ ਸਿੰਘ ਭੰਡਾਲ ਨੇ ਲਿਖਾਰੀਆਂ ਨੂੰ ਮੁਬਾਰਕਬਾਦ ਦਿੰਦੇ ਆਖਿਆ ਕਿ ਲਿਖਣ ਦੀ ਕਲਾ ਇੱਕ ਬਖ਼ਸ਼ਿਸ਼ ਹੁੰਦੀ ਹੈ। ਲੇਖਕ ਆਪਣੀ ਸੂਝ-ਬੂਝ ਅਤੇ ਆਪਣੇ ਨਜ਼ਰੀਏ ਨਾਲ ਸ਼ਬਦਾਂ ਨੂੰ ਖ਼ੂਬਸੂਰਤ ਸੱਚੇ ਵਿੱਚ ਢਾਲਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਅਜਿਹੇ ਸਨਮਾਨ ਸਮਾਗਮ ਕਰਨਾ ਬਹੁਤ ਸ਼ਲਾਘਾਯੋਗ ਕਦਮ ਹੈ ਜੋ ਕਿ ਇਸ ਸਭਾ ਨੂੰ ਹੋਰ ਸਾਹਿਤਕ ਬੁਲੰਦੀ ਵੱਲ ਲੈ ਕੇ ਜਾਵੇਗਾ।ਸੀਨੀਅਰ ਮੀਤ ਪ੍ਰਧਾਨ ਪ੍ਰਿੰ. ਕੇਵਲ ਸਿੰਘ ਰੱਤੜਾ ਨੇ ਸੁੱਖੀ ਬਾਠ ਨੂੰ ਮੁਖ਼ਾਤਿਬ ਇੱਕ ਰਚਨਾ ਪੇਸ਼ ਕੀਤੀ। ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਇਸ ਸਨਮਾਨ ਸਮਾਗਮ ਵਿੱਚ ਪੂਰਨ ਸਹਿਯੋਗ ਦੇਣ ਲਈ ਸੁੱਖੀ ਬਾਠ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਆਖਿਆ ਕਿ ਸਿਰਜਣਾ ਕੇਂਦਰ ਅਤੇ ਪੰਜਾਬ ਭਵਨ ਕੈਨੇਡਾ ਦੀ ਪਰਸਪਰ ਸਾਂਝ ਨਾਲ ਇਲਾਕੇ ਦੇ ਸਾਹਿਤਕਾਰਾਂ ਦੀ ਇਸ ਨਾਮਵਰ ਸੰਸਥਾ ਨੂੰ ਅਸੀਂ ਨਵੀਆਂ ਲੀਹਾਂ ਉੱਤੇ ਤੋਰ ਸਕਾਂਗੇ।
ਇਸ ਯਾਦਗਾਰੀ ਸਨਮਾਨ-ਸਮਾਗਮ ਵਿਚ ਸਿਰਜਣਾ ਕੇਂਦਰ ਨਾਲ਼ ਸੰਬੰਧਤ ਅਤੇ ਇਲਾਕੇ ਦੇ ਹੋਰ ਵਿੱਛੜੇ ਸਾਹਿਤਕਾਰਾਂ ਵਿੱਚ ਸ਼ਾਮਿਲ ਬਹੁਪੱਖੀ ਲੇਖਕ ਮਰਹੂਮ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰ. ਗਿਆਨ ਸਿੰਘ ਸੰਧੂ, ਮਕਬੂਲ ਸ਼ਾਇਰ ਸ੍ਰ. ਹਰਫੂਲ ਸਿੰਘ, ਸ੍ਰ.ਕਰਨੈਲ ਸਿੰਘ ਨਿੱਝਰ, ਉਸਤਾਦ ਸ਼ਾਇਰ ਜਨਾਬ ਉਲਫ਼ਤ ਬਾਜਵਾ, ਰਾਜਵਿੰਦਰ ਸਿੰਘ ਰਾਜ ਕਵੀ ਜਰਮਨ, ਜੰਗ ਬਹਾਦਰ ਸਿੰਘ ਘੁੰਮਣ, ਸ਼ਾਇਰ ਆਸੀ ਢਿਲਵਾਂ, ਸ਼ਿਵਦੇਵ ਸਿੰਘ ਸੰਧਾਵਾਲੀਆ, ਭਜਨ ਸਿੰਘ ਵਿਰਕ, ਸੁੱਚਾ ਸਿੰਘ ਦਾਗ਼, ਕਰਤਾਰ ਆਲਮ, ਐਮ.ਐਮ ਗਾਜ਼ੀ ਖ਼ਾਨ, ਐਸ.ਐਸ.ਜੋਗੀ, ਨਿਰਧਨ ਕਰਤਾਰਪੁਰੀ, ਸ੍ਰ.ਅਜਾਇਬ ਸਿੰਘ, ਮਹਿੰਦਰ ਸਿੰਘ ਨੂਰਪੁਰੀ, ਗੁਰਮੁਖ ਫ਼ਤਹਿਪੁਰੀ, ਮਹਿੰਦਰ ਸਿੰਘ ਸਾਹਨੀ ਜਿਹੇ ਨਾਮਵਰ ਕਲਮਕਾਰਾਂ ਦੀ ਯਾਦ ਵਿਚ ਇਲਾਕੇ ਦੇ ਅਤੇ ਪੰਜਾਬ ਦੇ ਸਾਹਿਤਕਾਰਾਂ ਵਿੱਚ ਸ਼ਾਮਲ ਡਾ.ਪਰਮਜੀਤ ਸਿੰਘ ਮਾਨਸਾ, ਸੁਰਜੀਤ ਸਾਜਨ, ਜੈਲਦਾਰ ਸਿੰਘ ਹਸਮੁੱਖ, ਪ੍ਰਿੰ. ਪ੍ਰੋਮਿਲਾ ਅਰੋੜਾ, ਚੰਨ ਮੋਮੀ, ਡਾ.ਭੁਪਿੰਦਰ ਕੌਰ, ਡਾ.ਸਰਦੂਲ ਔਜਲਾ, ਡਾ.ਅਵਤਾਰ ਸਿੰਘ ਭੰਡਾਲ, ਡਾ.ਕਰਮਜੀਤ ਸਿੰਘ ਨਡਾਲਾ, ਗੁਰਦੀਪ ਗਿੱਲ, ਲਾਲੀ ਕਰਤਾਰਪੁਰੀ, ਰੂਪ ਦਬੁਰਜੀ, ਧਰਮਪਾਲ ਪੈਂਥਰ, ਲਾਡੀ ਭੁੱਲਰ, ਮਨ ਸੈਣੀ, ਪੰਮੀ ਹੰਸਪਾਲ, ਸੁਖਦੇਵ ਸਿੰਘ ਗੰਢਵਾਂ ਅਤੇ ਮਲਕੀਤ ਮੀਤ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ, ਸਵਰਾਜ ਕੌਰ ਲਾਇਬ੍ਰੇਰੀ ਰੀਸਟੋਰਰ, ਪ੍ਰੀਤ ਹੀਰ ਮੁੱਖ ਸੰਚਾਲਕ ਪੰਜਾਬ ਭਵਨ ਦਫ਼ਤਰ ਜਲੰਧਰ ਅਤੇ ਬਾਲ ਲੇਖਕ ਪ੍ਰਤੀਕ ਸਿੰਘ ਨੂੰ ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਵਡਮੁੱਲੀਆਂ ਸੇਵਾਵਾਂ ਦੇਣ ਹਿਤ ਪੁਰਸਕਾਰਾਂ ਸੰਗ ਨਿਵਾਜ਼ਿਆ ਗਿਆ।
ਇਸ ਮੌਕੇ ਰਤਨ ਸਿੰਘ ਸੰਧੂ,ਮੁਨੱਜਾ ਇਰਸ਼ਾਦ,ਬਹਾਦਰ ਸਿੰਘ ਬੱਲ, ਬਲਬੀਰ ਸਿੰਘ ਢਿਲਵਾਂ,ਗੁਰਚਰਨ ਸਿੰਘ ਚੰਨ ਠੀਕਰੀਵਾਲ,ਮੰਗਲ ਸਿੰਘ ਭੰਡਾਲ,ਬਲਵੰਤ ਸਿੰਘ ਬੱਲ, ਸੁਖਦੇਵ ਸਿੰਘ ਸਿੱਧੂ, ਹਰਦੇਵ ਸਿੰਘ ਲੱਖਣ ਕਲਾਂ, ਜਸਬੀਰ ਸਹੋਤਾ,ਗਿੱਲ ਸੁਖਪਾਲ, ਗੁਰਪ੍ਰੀਤ ਕੌਰ,ਰੂਬਲ ਨਿੱਝਰ, ਕਮਲਜੀਤ ਕੌਰ ਨਰਿੰਦਰ ਪਾਲ ਸਿੰਘ,ਅਮਨ ਗਾਂਧੀ, ਅਵਤਾਰ ਸਿੰਘ ਸਾਹਬੀ, ਤੇਜਬੀਰ ਸਿੰਘ, ਬਿੱਟੂ ਕਾਂਜਲੀ, ਮਨਜਿੰਦਰ ਕਮਲ, ਸਤਨਾਮ ਕੌਰ, ਅਮਨਦੀਪ ਕੌਰ, ਪਾਲ ਕੌਰ,ਜਸਪਾਲ ਸਿੰਘ, ਨਰਿੰਦਰ ਪਾਲ ਸਿੰਘ, ਸੰਦੀਪ ਰਾਜਪੂਤ ਅਤੇ ਅਨਿਲ ਸ਼ਰਮਾ ਆਦਿ ਹਾਜ਼ਿਰ ਹੋਏ !

