ਵਿਡੀਓ ਵਾਇਰਲ ਕਰਨ ਵਾਲਿਆ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਲੋਕਾਂ ਨੂੰ ਅਫਵਾਹਾਂ ਉੱਤੇ ਯਕੀਨ ਨਾ ਕਰਨ ਦੀ ਅਪੀਲ
ਫ਼ਤਹਿਗੜ੍ਹ ਸਾਹਿਬ, 07 ਸਤੰਬਰ : ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਵਿਡੀਓ, ਜਿਸ ਵਿੱਚ ਇੱਕ ਸ਼ੇਰ ਪੈਟਰੋਲ ਪੰਪ ‘ਤੇ ਘੁੰਮਦਾ ਦਿਖਾਈ ਦੇ ਰਿਹਾ ਹੈ। ਇਹ ਵਿਡੀਓ ਪਿੰਡ ਪੀਰਜੈਨ ਦੇ ਇਲਾਕੇ ਦੀ ਦੱਸੀ ਜਾ ਰਹੀ ਹੈ ਪਰ ਅਸਲ ਵਿੱਚ ਇਹ ਵਿਡੀਓ ਇਸ ਇਲਾਕੇ ਦੀ ਨਹੀਂ ਹੈ ਤੇ ਕਿਸੇ ਨੇ ਇਹ ਵਿਡੀਓ ਪੀਰਜੈਨ ਦੇ ਇਲਾਕੇ ਦੀ ਕਹਿ ਕੇ ਵਾਇਰਲ ਕੀਤੀ ਹੈ, ਜਿਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਥਾਣਾ ਬਡਾਲੀ ਆਲਾ ਸਿੰਘ ਦੇ ਮੁਖੀ ਇੰਸਪੈਕਟਰ ਅਮਰਦੀਪ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਇਲਾਕੇ ਅੰਦਰ ਸ਼ੇਰ ਦੀ ਵਾਇਰਲ ਵੀਡਿਓ ਨੂੰ ਲੈ ਕੇ ਮੌਕਾ ਦੇਖਣ ਤੇ ਸਾਹਮਣੇ ਆਇਆ ਕਿ ਇਹ ਵਿਡੀਓ ਪੀਰਜੈਨ ਦੀ ਨਹੀਂ, ਬਲਕਿ ਕਿਸੇ ਹੋਰ ਇਲਾਕੇ ਦੀ ਹੈ। ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਜਿਸ ਨੇ ਵੀ ਇਹ ਵਿਡੀਓ ਅਪਲੋਡ ਕੀਤੀ ਹੈ, ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪੰਪ ਦੇ ਮਾਲਕ ਦਾ ਵੀ ਕਹਿਣਾ ਸੀ ਕਿ ਇਹ ਵਿਡੀਓ ਫੇਕ ਹੈ।