ਹਾਦਸੇ ’ਚ ਮਾਰੇ ਗਏ 11 ਲੋਕਾਂ ਦੀ ਯਾਦ ’ਚ ਪਿੰਡ ਜੇਜੋਂ ਦੁਆਬਾ ਦੇ ਗੁਰਦੁਆਰਾ ਸਾਹਿਬ ’ਚ ਆਯੋਜਿਤ ਕੀਤਾ ਗਿਆ ਸਮਾਗਮ
ਜੇਜੋਂ/ਹੁਸ਼ਿਆਰਪੁਰ, 25 ਅਗਸਤ : 11 ਅਗਸਤ ਨੂੰ ਹੋਏ ਪਿੰਡ ਜੇਜੋਂ ਹੜ੍ਹ ਹਾਦਸੇ ਵਿਚ ਜਾਨ ਗੁਆਉਣ ਵਾਲੇ 11 ਲੋਕਾਂ ਦੀ ਯਾਦ ਵਿਚ ਅੱਜ ਬਾਬਾ ਬੰਦਾ ਸਿੰਘ ਬਹਾਦੁਰ ਗੁਰਦੁਆਰਾ ਸਾਹਿਬ ਜੇਜੋਂ ਦੁਆਬਾ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਅਤੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਪੀੜ੍ਹਤ ਪਰਿਵਾਰਾਂ ਨੂੰ 44 ਲੱਖ ਰੁਪਏ ਦੀ ਐਕਸ ਗਰੇਸ਼ੀਆ ਰਾਸ਼ੀ ਦੇ ਚੈਕ ਭੇਟ ਕੀਤੇ। ਇਹ ਰਾਸ਼ੀ ਰਾਜ ਆਫ਼ਤ ਰਾਹਤ ਫੰਡ (ਐਸ ਡੀ ਆਰ ਐਫ) ਤੋਂ ਮ੍ਰਿਤਕ ਸੁਰਜੀਤ ਕੁਮਾਰ, ਪਰਮਜੀਤ ਕੌਰ, ਗਗਨ ਕੁਮਾਰ, ਸਵਰੂਪ ਚੰਦ, ਪਰਮਜੀਤ ਕੌਰ, ਨਿਤਿਨ ਉਰਫ ਨੀਤੀਸ਼ ਕੁਮਾਰ, ਸੁਰਿੰਦਰ ਕੌਰ, ਅਮਾਨਤ, ਭਾਵਨਾ, ਹਰਸ਼ਿਤ ਤੇ ਕੁਲਵਿੰਦਰ ਸਿੰਘ ਦੇ ਪਰਿਵਾਰਾਂ ਨੂੰ ਦਿੱਤੀ ਗਈ।
ਕੈਬਨਿਟ ਮੰਤਰੀ ਅਤੇ ਲੋਕ ਸਭਾ ਮੈਂਬਰ ਨੇ ਇਸ ਦੁਖਦ ਘਟਨਾ ’ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਇਸ ਮੁਸ਼ਕਲ ਸਮੇਂ ਵਿਚ ਪੀੜ੍ਹਤ ਪਰਿਵਾਰਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਬਹੁਤ ਉਦਾਸ ਅਤੇ ਦਿਲ ਕੰਬਾਊ ਸੀ ਅਤੇ ਅਸੀਂ ਸਾਰੇ ਇਸ ਦੁਖਾਂਤ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਜ਼ਦੀਕੀ ਪਿੰਡਾਂ ਦੇ ਲੋਕਾਂ ਦੁਆਰਾ ਰਾਹਤ ਅਤੇ ਬਚਾਅ ਕਾਰਜ ਵਿਚ ਕੀਤੇ ਯਤਨਾਂ ਦੀ ਵੀ ਸਰਾਹਨਾ ਕੀਤੀ।
ਇਸ ਮੌਕੇ ਸਾਬਕਾ ਵਿਧਾਇਕ ਊਨਾ ਸਤਪਾਲ ਸਿੰਘ ਰਾਏ ਜਾਦਾ, ਐਸ.ਡੀ.ਐਮ ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ, ਤਹਿਸੀਲਦਾਰ ਸੁਖਵਿੰਦਰ ਸਿੰਘ, ਬੀ.ਡੀ.ਪੀ ਓ. ਬਲਵਿੰਦਰ ਸਿੰਘ, ਨੰਬਰਦਾਰ ਪ੍ਰਵੀਨ ਸੈਣੀ, ਰਸ਼ਪਾਲ ਸਿੰਘ ਪਾਲੀ, ਸਰਪੰਚ ਬੱਧੋਵਾਲ ਲਾਡੀ, ਪਰਮਜੀਤ ਸਿੰਘ, ਰੌਸ਼ਨ ਲਾਲ, ਰੇਨੂ ਬਾਲਾ, ਰਤਨ ਚੰਦ, ਬਿੱਲਾ ਜੈਨ, ਜੌਲੀ ਜੈਨ, ਅਮਰੀਕ ਸ਼ਾਹੂ, ਕੁਲਵਿੰਦਰ ਸਿੰਘ, ਅਸ਼ਵਨੀ ਖੰਨਾ, ਵਾਮਦੇਵ ਸ਼ਰਮਾ, ਮੁਰਾਦ ਹੁਸੈਨ, ਅਮਰੀਕ ਸਿੰਘ, ਸੋਮ ਨਾਥ, ਪ੍ਰਕਾਸ਼ ਚੰਦ, ਦੀਪਕ ਭਾਟੀਆ, ਮਹਿੰਦਰ ਪਾਲ, ਜਸਵੰਤ ਕੌਰ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਦੇ ਲੋਕ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਕਈ ਅਧਿਕਾਰੀ ਇਸ ਸਮਾਗਮ ਵਿਚ ਸ਼ਾਮਿਲ ਹੋਏ।
ਜ਼ਿਕਰਯੋਗ ਹੈ ਕਿ ਇਹ ਹਾਦਸਾ 11 ਅਗਸਤ ਨੂੰ ਉਸ ਸਮੇਂ ਹੋਇਆ ਜਦ ਜੇਜੋਂ ਚੋਅ ਵਿਚ ਪਾਣੀ ਦੇ ਤੇਜ਼ ਬਹਾਅ ਦੇ ਚੱਲਦਿਆਂ ਇਕ ਇਨੋਵਾ ਗੱਡੀ ਰੁੜ ਗਈ ਸੀ। ਗੱਡੀ ਵਿਚ ਕੁੱਲ 12 ਲੋਕ ਸਵਾਰ ਸਨ। ਇਸ ਹਾਦਸੇ ਵਿਚ ਉਸੇ ਦਿਨ 9 ਲੋਕਾਂ ਦੀ ਦੁਖਾਂਤ ਮੌਤ ਹੋ ਗਈ ਸੀ ਅਤੇ 9 ਲੋਕਾਂ ਦੀਆਂ ਲਾਸ਼ਾ ਉਸੀ ਦਿਨ ਮਿਲ ਗਈਆਂ ਸਨ। ਐਸ ਡੀ ਆਰ ਐਫ ਅਤੇ ਸਥਾਨਕ ਨਿਵਾਸੀਆਂ ਦੀ ਕੋਸ਼ਿਸ ਸਦਕਾ ਇਕ ਵਿਅਕਤੀ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਸੀ। ਹਾਦਸੇ ਉਪਰੰਤ ਹੀ ਦੋ ਲੋਕ ਲਾਪਤਾ ਸਨ, ਜਿਨ੍ਹਾਂ ਦੀ ਭਾਲ ਲਈ ਐਸ ਡੀ ਆਰ ਐਫ ਅਤੇ ਸਥਾਨਿਕ ਨਿਵਾਸੀਆਂ ਦੁਆਰਾ ਵੱਡੇ ਪੱਧਰ ’ਤੇ ਰੈਸਕਿਊ ਓਪਰੇਸ਼ਨ ਚਲਾਇਆ ਗਿਆ। ਅਖੀਰ 14 ਅਗਸਤ ਨੂੰ ਬੱਧੋਵਾਲ ਖੱਡ ਤੋਂ ਦੋਵੇਂ ਲਾਪਤਾ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਕਰ ਲਈਆਂ ਗਈਆਂ, ਜਿਸ ਉਪਰੰਤ ਹਾਦਸੇ ਦੇ ਮਾਰੇ ਗਏ ਲੋਕਾਂ ਦੀ ਗਿਣਤੀ 11 ਹੋ ਗਈ ਸੀ।