ਫ਼ਰੀਦਕੋਟ 31 ਜਨਵਰੀ,2024 ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਚਾਈਨਾ ਡੋਰ ਦੇ ਇਸਤੇਮਾਲ ਅਤੇ ਸਟੋਰ ਕਰਨ ਤੇ ਬਿਨਾਂ ਕਿਸੇ ਝਿਜਕ ਦੇ ਵੱਧ ਤੋਂ ਵੱਧ ਪਰਚੇ ਦਰਜ ਕੀਤੇ ਜਾਣ ਅਤੇ ਅਜਿਹੇ ਲੋਕਾਂ ਨੂੰ ਸਖਤ ਸਜ਼ਾ ਦਿਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਉੱਪਰ ਪੂਰੇ ਪੰਜਾਬ ਵਿੱਚ ਪਾਬੰਦੀ ਹੈ ਕਿਉਂਕਿ ਇਸ ਨਾਲ ਆਮ ਲੋਕਾਂ ਤੋਂ ਇਲਾਵਾ ਬੱਚਿਆਂ ਅਤੇ ਪੰਛੀਆਂ ਨੂੰ ਜਾਨੀ ਨੁਕਸਾਨ ਦਾ ਖਤਰਾ ਬਣਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਚਾਈਨਾ ਡੋਰ ਵਰਤਣ ਵਾਲਿਆਂ ਅਤੇ ਵੇਚਣ ਵਾਲਿਆਂ ਵਿਰੁੱਧ ਦੋਸ਼ੀ ਪਾਏ ਜਾਣ ਤੇ ਪੰਜ ਸਾਲ ਦੀ ਲਾਜ਼ਮੀ ਸਜਾ ਅਤੇ ਇੱਕ ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਫ਼ਰੀਦਕੋਟ, ਕੋਟਕਪੂਰਾ,ਜੈਤੋ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਤਹਿਸੀਲਦਾਰ,ਨਾਇਬ ਤਹਿਸੀਲਦਾਰ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਖਾਸ ਤੌਰ ਤੇ ਇਸ ਕੰਮ ਤੇ ਡਿਊਟੀ ਲਗਾਈ ਹੈ ਕਿ ਉਹ ਚਾਈਨਾ ਡੋਰ ਦੇ ਇਸਤੇਮਾਲ/ਵੇਚਣ ਅਤੇ ਖਰੀਦਣ ਤੇ ਕੜੀ ਨਿਗਰਾਨੀ ਰੱਖਣ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿਚ ਚਾਈਨਾ ਡੋਰ ਵੇਚਣ, ਖ਼ਰੀਦਣ ਤੇ ਸਟੋਰ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਇਸ ਨਾਲ ਹੋਣ ਵਾਲੇ ਹਾਦਸਿਆਂ ਨੁੰ ਰੋਕਣ ਲਈ ਜ਼ਰੂਰੀ ਕਦਮ ਉਠਾਏ ਜਾਣ। ਜੇਕਰ ਅਜਿਹਾ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਤੇ ਤੁਰੰਤ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਲਿਖਤੀ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਐਸ.ਡੀ.ਐਮਜ਼, ਕਾਰਜਸਾਧਕ ਅਫਸਰ ਨਗਰ ਕੌਂਸਲ, ਬਲਾਕ ਅਤੇ ਪੰਚਾਇਤ ਅਫਸਰਾਂ ਨੂੰ ਨਿਜੀ ਤੌਰ ਤੇ ਪਹੁੰਚ ਕੇ ਰੈਗੂਲਰ ਚੈਕਿੰਗ ਅਤੇ ਲੋੜੀਂਦੀ ਕਾਰਵਾਈ ਕਰਨ ਸੰਬੰਧੀ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਵੀ ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਵਾਸਤੇ ਜਾਗਰੂਕ ਕਰਨ ਸਬੰਧੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
https://talkhindustan.com/wp-content/uploads/2024/12/Christmas-Ad.jpg