ਕਰਤਾਰਪੁਰ,21ਮਈ,( ਜਸਵੰਤ ਵਰਮਾ ) ਸਫ਼ਾਈ ਸੇਵਕ ਯੂਨੀਅਨ ਪੰਜਾਬ ਅਤੇ ਮਿਉਂਸਪਲ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਮੰਗਾਂ ਨੂੰ ਲੈ ਕੇ ਚੱਲ ਰਹੀ ਹੜਤਾਲ ਉਪਰੰਤ ਮਜ਼ਦੂਰ ਜਮਾਤ ਦੀ ਸਿਧਾਂਤਕ ਹੋਈ ਜਿੱਤ ਤੋਂ ਬਾਅਦ ਹੜਤਾਲ ਮੁਲਤਵੀ ਹੋ ਗਈ ਹੈ ਅਤੇ ਮੰਨੀਆਂ ਗਈਆਂ ਮੰਗਾਂ ਲਾਗੂ ਕਰਵਾਉਣ ਅਤੇ ਰਹਿੰਦੀਆਂ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਜਾਰੀ ਰਹੇਗਾ।
ਯੂਨੀਅਨ ਦੇ ਜ਼ਿਲ੍ਹਾ ਆਗੂਆਂ ਵਿਸ਼ਵਾਸ ਕੁਮਾਰ ਗਿੱਲ ਉਰਫ਼ ਸੋਨੂੰ ਗਿੱਲ,ਰਾਜੇਸ਼ ਕੁਮਾਰ ਲੱਕੀ,ਰਾਜ ਕੁਮਾਰ, ਸੁਭਾਸ਼,ਮਨੀ ਲਾਲ, ਹਰਬੰਸ, ਵਿਨੋਦ ਕੁਮਾਰ ਗਿੱਲ, ਸੰਦੀਪ ਸਿੰਘ, ਸੰਜੀਵ ਕੁਮਾਰ, ਲਛਮਣ ਕੁਮਾਰ,ਰਵੀ ਕੁਮਾਰ, ਰਮਨ ਕੁਮਾਰ, ਰਾਜ ਕੁਮਾਰ, ਅਸ਼ਵਨੀ ਸੱਭਰਵਾਲ ਅਤੇ ਵਿਜੈ ਕੁਮਾਰ ਗਿੱਲ ਨੇ ਪਿਛਲੇ 15 ਦਿਨਾਂ ਤੋਂ ਸਫਾਈ ਸੇਵਕਾਂ ਅਤੇ ਮਿਊਂਸੀਪਲ ਕਾਮਿਆਂ ਦੀ ਚਲੀ ਆ ਰਹੀ ਹੜਤਾਲ ਮਜ਼ਦੂਰਾਂ ਦੀਆਂ ਮੰਗਾਂ ‘ਤੇ ਸੂਬਾ ਸਰਕਾਰ ਨਾਲ ਸਹਿਮਤੀ ਬਣਨ ਉਪਰੰਤ ਐਕਸ਼ਨ ਕਮੇਟੀ ਨੇ ਹੜਤਾਲ ਵਾਪਸ ਲੈਣ ਲਈ ਹੈ।
ਸੰਘਰਸ਼ਸ਼ੀਲ ਲੋਕਾਂ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਸੰਘਰਸ਼ ਅੱਗੇ ਚੋਣ ਜ਼ਾਬਤੇ ਦਾ ਸਰਕਾਰੀ ਬਹਾਨਾ ਕੋਈ ਮਾਇਨੇ ਨਹੀਂ ਰੱਖਦਾ। ਉਨ੍ਹਾਂ ਦੱਸਿਆ ਕਿ ਕੱਚੇ ਮੁਲਾਜ਼ਮ ਨੂੰ ਕੰਟਰੈਕਟ ਤੇ ਕੀਤਾ ਗਿਆ,ਜੋ ਕੰਟਰੈਕਟ ‘ਤੇ ਮੁਲਾਜ਼ਮ ਸਨ ਜਿਹਨਾਂ ਦਾ ਤਿੰਨ ਸਾਲ ਦਾ ਪੀਰੀਅਡ ਉਹਨਾਂ ਨੂੰ ਰੈਗੂਲਰ ਕੀਤਾ ਗਿਆ। ਇਸਨੂੰ ਲਾਗੂ ਕਰਨ ਲਈ 30ਂ ਦਿਨਾਂ ਦੇ ਵਿੱਚ ਵਿੱਚ ਅਮਲ ਕੀਤਾ ਜਾਵੇਗਾ। ਤਨਖ਼ਾਹ 18 ਹਜ਼ਾਰ ਰੁਪਏ ਤੈਅ ਹੋਈ ਹੈ। ਇਸ ਤੋਂ ਇਲਾਵਾ ਹੋਰ ਮੰਗਾਂ ਵੀ ਮੰਨੀਆਂ ਗਈਆਂ ਹਨ ਅਤੇ ਰਹਿੰਦੀਆਂ ਮੰਗਾਂ ਲਈ ਸਰਕਾਰ ਵਲੋਂ ਸਮਾਂ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੋਈ ਜਿੱਤ ਮੁਲਾਜ਼ਮਾਂ ਦੇ ਸੰਘਰਸ਼ ਦੀ ਜਿੱਤ ਹੈ ਅਤੇ ਉਨ੍ਹਾਂ ਇਸ ਸੰਘਰਸ਼ ਵਿੱਚ ਸਹਿਯੋਗ ਦੇਣ ਵਾਲੀਆਂ ਜਥੇਬੰਦੀਆਂ ਅਤੇ ਸਮੁੱਚੇ ਸਫ਼ਾਈ ਸੇਵਕਾਂ ਅਤੇ ਮਿਉਂਸਪਲ ਕਾਮਿਆਂ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਵਲੋਂ ਮੰਨੀਆਂ ਗਈਆਂ ਮੰਗਾਂ ਉੱਪਰ ਅਮਲ ਨਾ ਕੀਤਾ ਗਿਆ ਅਤੇ ਰਹਿੰਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਮੁੜ ਹੜਤਾਲ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਸਫ਼ਾਈ ਸੇਵਕਾਂ ਅਤੇ ਮਿਉਂਸਪਲ ਕਾਮਿਆਂ ਨੂੰ ਏਕੇ ਤੇ ਸੰਘਰਸ਼ ਨਾਲ ਹੋਈ ਜਿੱਤ ਦੀਆਂ ਮੁਬਾਰਕਾਂ ਦਿੱਤੀਆਂ।

