ਹੁਣ ਤੱਕ ਡਾਇਰੀਆ ਤੇ ਹੈਜੇ ਤੋਂ ਪ੍ਰਭਾਵਿਤ 35 ਦੇ ਕਰੀਬ ਮਰੀਜ਼ਾਂ ਨੂੰ ਮਿਲ ਚੁੱਕੀ ਹੈ ਛੁੱਟੀ
ਲੋਕਾਂ ਨੂੰ ਘਰ ਦੇ ਨੇੜੇ ਡਾਕਟਰੀ ਸਹੂਲਤ ਮੁਹੱਈਆ ਕਰਵਾਉਣ ਲਈ ਡੇਰਾ ਰਾਧਾ ਸਵਾਮੀ ਸੁੰਦਰਨਗਰ ਵਿਖੇ ਸਥਾਪਿਤ ਕੀਤਾ ਗਿਆ 10 ਬੈੱਡਾਂ ਵਾਲਾ ਆਰਜ਼ੀ ਹਸਪਤਾਲ
ਕਪੂਰਥਲਾ, 29 ਜੁਲਾਈ : : ਜ਼ਿਲ੍ਹੇ ਦੇ ਬੱਕਰਖਾਨਾ ਅਤੇ ਸੁੰਦਰਨਗਰ ਇਲਾਕਿਆਂ ਵਿਚ ਫੈਲੇ ਡਾਇਰੀਆ ਤੇ ਹੈਜਾ ਦੇ ਕੇਸਾਂ ਵਿਚ ਗਿਰਾਵਟ ਆਈ ਹੈ ਅਤੇ ਸਥਿਤੀ ਕਾਬੂ ਹੇਠ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਹੁਣ ਤੱਕ ਡਾਇਰੀਆ ਤੇ ਹੈਜੇ ਤੋਂ ਪ੍ਰਭਾਵਿਤ 35 ਦੇ ਕਰੀਬ ਮਰੀਜ਼ਾਂ ਨੂੰ ਛੁੱਟੀ ਮਿਲ ਚੁੱਕੀ ਹੈ ਅਤੇ ਹੁਣ ਸਿਰਫ਼ 15 ਮਰੀਜ਼ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜਾਂ ਦੀ ਮੁਕੰਮਲ ਦੇਖਭਾਲ ਮਾਹਿਰ ਡਾਕਟਰਾਂ ਵਲੋਂ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁੰਦਰਨਗਰ ਦੇ ਡੇਰਾ ਰਾਧਾ ਸਵਾਮੀ ਅੰਦਰ 10 ਬੈੱਡਾਂ ਵਾਲਾ ਆਰਜ਼ੀ ਹਸਪਤਾਲ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਘਰ ਦੇ ਨੇੜੇ ਹੀ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਇੱਥੇ ਸਿਵਲ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਅਤੇ ਸਟਾਫ ਵਲੋਂ ਆਉਣ ਵਾਲੇ ਲੋਕਾਂ ਨੂੰ ਮਿਆਰੀ ਸਿਹਤ ਸਹਲੂਤਾ ਦਿੱਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਘਰ-ਘਰ ਜਾ ਕੇ ਵੀ ਟੀਮਾਂ ਵਲੋਂ ਲੋਕਾਂ ਨੂੰ ਓ.ਆਰ.ਐੱਸ ਅਤੇ ਜ਼ਿੰਕ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਵਿਚ ਪਾਣੀ ਦੀ ਵਿਵਸਥਾ ਸੁਚਾਰੂ ਢੰਗ ਨਾਲ ਚਲਾਉਣ ਲਈ ਪੀਣ ਵਾਲੇ ਪਾਣੀ ਦੇ ਟੈਂਕਰ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਪਾਣੀ ਦੇ ਸੈਂਪਲ ਲੈਣ ਉਪਰੰਤ ਜਾਂਚ ਤੋਂ ਬਾਅਦ ਜੋ ਨਤੀਜੇ ਆਉਣਗੇ ਉਸਦੇ ਹਿਸਾਬ ਨਾਲ ਪਾਣੀ ਦੀ ਰੈਗੁਲਰ ਸਪਲਾਈ ਦੁਬਾਰਾ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਸ਼ਹਿਰਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੌਨਸੂਨ ਸੀਜ਼ਨ ਦੌਰਾਨ ਪਾਣੀ ਨੂੰ ਉਬਾਲ ਕੇ ਪੀਤਾ ਜਾਵੇ ਅਤੇ ਆਪਣੇ ਆਲੇ-ਦੁਆਲੇ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵਲੋਂ 2 ਹਜ਼ਾਰ ਦੇ ਕਰੀਬ ਘਰਾਂ ਦਾ ਲਗਾਤਰ ਸਰਵੇ ਕੀਤਾ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਡਾਇਰੀਆ ਦਾ ਕੋਈ ਲੱਛਣ ਸਾਹਮਣੇ ਆਉਂਦਾ ਹੈ

ਤਾਂ ਸਿਵਲ ਹਸਪਤਾਲ ਜਾਂ ਰਾਧਾ ਸਵਾਮੀ ਡੇਰੇ ਵਿਖੇ ਬਣਾਏ ਆਰਜ਼ੀ ਹਸਪਤਾਲ ਵਿਖੇ ਰਿਪੋਰਟ ਕੀਤੀ ਜਾਵੇ ਤਾਂ ਜੋ ਸਮੇਂ ਸਿਰ ਇਲਾਜ ਕੀਤਾ ਜਾ ਸਕੇ। ਡਿਪਟੀ ਕਮਿਸ਼ਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਈ.ਐੱਮ.ਏ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ ਗਈ ਹੈ ਅਤੇ ਹਦਾਇਤ ਕੀਤੀ ਕਿ ਜੇਕਰ ਕਿਸੇ ਪ੍ਰਾਇਵੇਟ ਹਸਪਤਾਲ ਵਿਖੇ ਡਾਇਰੀਆ ਦੇ ਲੱਛਣ ਵਾਲਾ ਮਰੀਜ ਆਉਂਦਾ ਹੈ ਤਾਂ ਉਸਦੀ ਤੁਰੰਤ ਰਿਪੋਰਟ ਸਿਵਲ ਸਰਜਨ ਕਪੂਰਥਲਾ ਨੂੰ ਕੀਤੀ ਜਾਵੇ। ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਅਨੁਪਮ ਕਲੇਰ, ਐਸ. ਡੀ. ਐਮ ਕਪੂਰਥਲਾ ਇਰਵਿਨ ਕੌਰ, ਸਿਵਲ ਸਰਜਨ ਡਾ.ਸੁਰਿੰਦਰਪਾਲ ਕੌਰ, ਐਸ. ਐਮ. ਓ. ਸ੍ਰੀ ਸੰਦੀਪ ਧਵਨ ਅਤੇ ਡਾ. ਸੰਦੀਪ ਭੋਲਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।

