ਭਵਿੱਖ ’ਚ ਗੈਰ ਕਾਨੂੰਨੀ ਸ਼ਰਾਬ ’ਤੇ ਨਕੇਲ ਪਾਉਣ ਲਈ ਹੋਰ ਤੇਜ਼ ਕੀਤੀ ਜਾਵੇਗੀ ਛਾਪੇਮਾਰੀ
ਜਲੰਧਰ, 23 ਮਾਰਚ : ਸਹਾਇਕ ਕਮਿਸ਼ਨਰ (ਆਬਕਾਰੀ) ਰੇਂਜ ਜਲੰਧਰ ਪੱਛਮੀ ਨਵਜੀਤ ਸਿੰਘ ਨੇ ਦੱਸਿਆ ਕਿ ਚੋਦ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਗੈਰ ਕਾਨੂੰਨੀ ਸ਼ਰਾਬ ’ਤੇ ਸਿਕੰਜ਼ਾ ਕੱਸਦਿਆਂ ਆਬਕਾਰੀ ਵਿਭਾਗ ਦੀਆਂ ਟੀਮਾਂ ਵਲੋਂ ਦਰਿਆ ਸਤਲੁਜ ਦੇ ਨੇੜੇ ਪੈਂਦੇ ਪਿੰਡਾਂ ਰਾਮਪੁਰ ਅਤੇ ਚਾਚੋਵਾਲ ਵਿਖੇ ਛਾਪੇਮਾਰੀ ਕੀਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਬਕਾਰੀ ਇੰਸਪੈਕਟਰ ਸਰਵਣ ਸਿੰਘ ਅਤੇ ਸਾਹਿਲ ਰੰਗਾ ਵਲੋਂ ਸਮੇਤ ਆਬਕਾਰੀ ਪੁਲਿਸ ਅਮਲੇ ਨਾਲ ਛਾਪੇਮਾਰੀ ਦੌਰਾਨ 14 ਤਿਰਪਾਲਾ (ਹਰੇਕ ਵਿੱਚ 500-500 ਕਿਲੋਗ੍ਰਾਮ) ਲਗਭਗ 7000 ਕਿਲੋਗ੍ਰਾਮ ਲਾਹਣ, 5 ਬਨਸਪਤੀ ਘਿਉ ਦੇ ਕੰਟੇਨਰ (ਹਰੇਕ ਵਿੱਚ 15 ਕਿਲੋਗ੍ਰਾਮ) 75 ਕਿਲੋਗ੍ਰਾਮ ਕੁੱਲ 7075 ਕਿਲੋਗ੍ਰਾਮ ਲਾਹਣ ਅਤੇ 4 ਪਲਾਸਟਿਕ ਦੀਆਂ ਬੋਤਲਾਂ ਵਿੱਚ ਜਿਸ ਵਿੱਚ ਲਗਭਗ 10 ਬੋਤਲਾਂ ਦੇ ਬਰਾਬਰ ਸ਼ਰਾਬ ਨੂੰ ਜਬਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਉਕਤ ਨਜ਼ਾਇਜ਼ ਸ਼ਰਾਬ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਲੋਕ ਸਭਾ ਚੋਣਾਂ-2024 ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਭਵਿੱਖ ਵਿੱਚ ਵੀ ਗੈਰ ਕਾਨੂੰਨੀ ਸ਼ਰਾਬ ’ਤੇ ਨਕੇਲ ਪਾਉਣ ਲਈ ਛਾਪੇਮਾਰੀ ਨੂੰ ਤੇਜ਼ ਕੀਤਾ ਜਾਵੇਗਾ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

