ਕਪੂਰਥਲਾ(ਗੌਰਵ ਮੜੀਆ )ਸ਼ਹਿਰ ਵਿੱਚ ਲੋਕਾਂ ਨੂੰ ਚੰਗੀਆਂ ਸਹੂਲਤਾਂ ਮੁੱਹਈਆ ਕਰਵਾਉਣ ਅਤੇ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਨੇਪੜੇ ਚਾੜ੍ਹੇ ਜਾਣ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਬੀਤੇ ਦਿਨੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮੈਡਮ ਲਲਿਤ ਸਕਲਾਨੀ ਦੀ ਅਗਵਾਈ ਹੇਠ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਚੇਅਰਮੈਨਾਂ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨਾਲ ਇੱਕ ਮੀਟਿੰਗ ਕੀਤੀ।ਜਿਸ ਵਿਚ ਜ਼ਿਲ੍ਹਾ ਕਪੂਰਥਲਾ ਦੇ ਨਾਲ ਸਬੰਧਤ ਵੱਖ ਵੱਖ ਮੁੱਦਿਆਂ ਤੇ ਵਿਚਾਰ ਚਰਚਾ ਹੋਈ।
ਮੀਟਿੰਗ ਵਿੱਚ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਇੰਡੀਅਨ,ਮਾਰਕਿਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਪਾਠਕ, ਇੰਪਰੂਵਮੈਂਟ ਟਰੱਸਟ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਪ੍ਰਦੀਪ ਥਿੰਦ,ਚੇਅਰਮੈਨ ਇੰਪਰੂਵਮੈਂਟ ਟਰੱਸਟ ਫਗਵਾੜਾ ਕਸ਼ਮੀਰ ਸਿੰਘ ਮੱਲ੍ਹੀ, ਐਸਡੀਐਮ ਕਪੂਰਥਲਾ ਲਾਲ ਵਿਸ਼ਵਾਸ ਬੈਂਸ,ਚੇਅਰਮੈਨ ਮਾਰਕਿਟ ਕਮੇਟੀ ਕਪੂਰਥਲਾ ਜਗਜੀਤ ਬਿੱਟੂ,ਚੇਅਰਮੈਨ ਮਾਰਕਿਟ ਕਮੇਟੀ ਸੁਲਤਾਨਪੁਰ ਲੋਧੀ ਮੁਹੰਮਦ ਰਫ਼ੀ,ਚੇਅਰਮੈਨ ਮਾਰਕਿਟ ਕਮੇਟੀ ਫਗਵਾੜਾ ਤਵਿੰਦਰ ਰਾਮ ਆਦਿ ਹਾਜ਼ਰ ਸਨ।
ਇਸ ਮੌਕੇ ਆਗੂਆਂ ਵੱਲੋਂ ਜ਼ਿਲ੍ਹੇ ਨਾਲ ਸਬੰਧਤ ਵੱਖ ਵੱਖ ਮਸਲੇ ਜਿਵੇਂ ਸੜਕਾਂ ਦੇ ਨਵ-ਨਿਰਮਾਣ ਅਤੇ ਮੁਰੰਮਤ,ਸੀਵਰੇਜ ਟੁੱਟੀਆਂ ਸੜਕਾਂ ਦਾ ਨਿਰਮਾਣ ਕਾਰਜ ਮੁਕੰਮਲ ਕਰਨ,ਟ੍ਰੈਫਿਕ ਦੀ ਸਮੱਸਿਆ ਦੇ ਹੱਲ ਅਤੇ ਨੌਜਵਾਨਾਂ ਵੱਲੋਂ ਦੋ ਪਹੀਆ ਵਾਹਨ ਤੇਜ਼ੀ ਨਾਲ ਚਲਾਉਣ,ਕਪੂਰਥਲਾ ਸ਼ਹਿਰ ਵਿਚ ਸਾਫ-ਸਫਾਈ ਦੇ ਪ੍ਰਬੰਧ ਦਰੁਸਤ ਕਰਨ,ਨਾਜਾਇਜ਼ ਕਬਜ਼ੇ ਹਟਾਉਣ,ਲਾਵਾਰਸ ਪਸ਼ੂਆਂ ਦੀ ਸਮੱਸਿਆ ਅਤੇ ਇਸ ਸਮੱਸਿਆ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨਾਂ ਨੇ ਕਿਹਾ ਕਿ ਸ਼ਹਿਰਾਂ ਦੇ ਸੁੰਦਰੀਕਰਨ ਲਈ ਟਰੱਸਟ ਵਲੋਂ ਟਰੱਸਟ ਅਧੀਨ ਆਉਂਦੀਆਂ ਕਾਲੋਨੀਆਂ ਦੀਆਂ ਸੜਕਾਂ ਦੀ ਉਸਾਰੀ,ਸੀਵਰੇਜ ਸਿਸਟਮ ਦੀ ਮੁਰੰਮਤ,ਪਾਰਕਾਂ ਦੇ ਵਿਕਾਸ,ਸੁੰਦਰੀਕਰਨ ਦੇ ਕੰਮ ਦੇ ਨਾਲ-ਨਾਲ ਹੋਰ ਕੰਮ ਕੀਤਾ ਜਾਵੇਗਾ।
ਨਾਲ ਹੀ ਪੁਰਾਣੀਆਂ ਵਿਕਸਤ ਕਾਲੋਨੀਆਂ ਚ ਕਮੀਆਂ ਨੂੰ ਵੀ ਦੂਰ ਕੀਤਾ ਜਾਵੇਗਾ ਤਾਂ ਜੋ ਨਗਰ ਸੁਧਾਰ ਟਰੱਸਟ ਦੀਆਂ ਕਾਲੋਨੀਆਂ ‘ਚ ਲੋਕਾਂ ਦਾ ਭਰੋਸਾ ਵਧ ਸਕੇ।ਚੇਅਰਮੈਨਾਂ ਨੇ ਕਿਹਾ ਕਿ ਸ਼ਹਿਰਾਂ ਦੇ ਬੁਨਿਆਦੀ ਸੁਧਾਰਾਂ ਲਈ ਈਮਾਨਦਾਰੀ ਨਾਲ ਕੰਮ ਕਰਨਗੇ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਚ ਅਹਿਮ ਜ਼ਿੰਮੇਵਾਰੀ ਨਿਭਾਉਣਗੇ।ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਨੇ ਇਹ ਵੀ ਨਵਾਂ ਇਤਿਹਾਸ ਸਿਰਜਿਆ ਹੈ ਕਿ ਕਿਸਾਨਾਂ ਨੂੰ ਨਾਲੋ-ਨਾਲ ਅਦਾਇਗੀ ਕਰਕੇ ਝੋਨੇ ਦੀ ਫਸਲ ਦੀ ਲਿਫਟਿੰਗ ਵੀ ਤੁਰੰਤ ਸ਼ੁਰੂ ਹੋਈ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਖਰੀਦ,ਲਿਫਟਿੰਗ ਅਤੇ ਅਦਾਇਗੀ ਦੀ ਸਮੁੱਚੀ ਪ੍ਰਕਿਰਿਆ ਨੂੰ ਡਿਜੀਟਲ ਵਿਧੀ ਨਾਲ ਸਿਰੇ ਚੜ੍ਹਾਇਆ ਜਾ ਰਿਹਾ ਹੈ ਅਤੇ ਕਿਸੇ ਕਿਸਾਨ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਆਪ ਆਗੂਆਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਤਿਹਾਸਕ ਕਸਬੇ ਕਪੂਰਥਲਾ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਇਸ ਦੀ ਨੁਹਾਰ ਬਦਲੀ ਜਾਵੇਗੀ।ਇਸ ਸਬੰਧੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਸਰ ਫੰਡ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ।
ਆਪ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਪੂਰਥਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਨੇਪਰੇ ਚਾੜ੍ਹਿਆ ਜਾਵੇ ਅਤੇ ਸਮੇਂ-ਸਮੇਂ ਤੇ ਇਨ੍ਹਾਂ ਕੰਮਾਂ ਦੀ ਗੁਣਵੱਤਾ ਦੀ ਜਾਂਚ ਯਕੀਨੀ ਬਣਾਈ ਜਾਵੇਗੀ।ਆਪ ਆਗੂਆਂ ਨੇ ਕਿਹਾ ਕਿ ਲੋਕ ਮਸਲਿਆਂ ਦੇ ਹੱਲ ਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ।ਆਪ ਆਗੂਆਂ ਨੇ ਸ਼ਹਿਰ ਦੇ ਸਫਾਈ ਕਾਰਜਾਂ ਤੇ ਹੋਰ ਬਕਾਇਆ ਕੰਮਾਂ ਦੀ ਸਮੀਖਿਆ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਯਕੀਨੀ ਬਣਾਉਣ ਨੂੰ ਆਖਿਆ।ਇਸ ਮੌਕੇ ਡਿਪਟੀ ਕਮਿਸ਼ਨਰ ਕਰਨੈਲ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਲੋਕ ਮਸਲਿਆਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਾਇਆ ਜਾਵੇਗਾ।

