ਸੀ.ਆਰ.ਪੀ.ਐਫ. ਦੀਆਂ ਮਹਿਲਾ ਅਫ਼ਸਰਾਂ ਵਲੋਂ ‘ਨਾਰੀ ਸ਼ਕਤੀ’ ਉਤਸਵ ਤਹਿਤ 3 ਅਕਤੂਬਰ ਨੂੰ ਸ਼ੁਰੂ ਕੀਤੀ ਗਈ ਰੈਲੀ
ਜਲੰਧਰ, 11 ਅਕਤੂਬਰ : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਦੀਆਂ ਮਹਿਲਾ ਅਫ਼ਸਰਾਂ ਦੀ ਮੋਟਰਸਾਈਕਲ ਰੈਲੀ ਦਾ ਜਲੰਧਰ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਇਥੇ ਜੰਗ-ਏ-ਅਜ਼ਾਦੀ ਯਾਦਗਾਰ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਡੀ.ਆਈ.ਜੀ. ਸੀ.ਆਰ.ਪੀ.ਐਫ. ਗੁਰਸ਼ਕਤੀ ਸਿੰਘ ਸੋਢੀ, ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਮਹਾਜਨ, ਸੀ.ਜੇ.ਐਮ. ਗਗਨਦੀਪ ਕੌਰ ਅਤੇ ਹੋਰਨਾਂ ਵਲੋਂ ਮੋਟਰਸਾਈਕਲ ਸਵਾਰਾਂ ਦਾ ਸਨਮਾਨ ਕੀਤਾ ਗਿਆ।

‘ਨਾਰੀ ਸ਼ਕਤੀ’ ਉਤਸਵ ਤਹਿਤ ਇਹ ਮੋਟਰਸਾਈਕਲ ਰੈਲੀ 3 ਅਕਤੂਬਰ ਨੂੰ ਸ੍ਰੀਨਗਰ ਤੋਂ ਸ਼ੁਰੂ ਹੋਈ ਸੀ ਅਤੇ 31 ਅਕਤੂਬਰ ਨੂੰ ਏਕਤਾ ਨਗਰ (ਗੁਜਰਾਤ) ਪਹੁੰਚੇਗੀ। ਇਸ ਰੈਲੀ ਵਿੱਚ 21 ਬੈਂਡ ਮੈਂਬਰਾਂ ਸਮੇਤ ਕੁੱਲ 84 ਮਹਿਲਾ ਮੋਟਰਸਾਈਕਲ ਸਵਾਰ ਅਫ਼ਸਰ ਸ਼ਾਮਲ ਹਨ। ਇਸ ਮੌਕੇ ਡੀ.ਆਈ.ਜੀ. ਸੀ.ਆਰ.ਪੀ.ਐਫ. ਗੁਰਸ਼ਕਤੀ ਸਿੰਘ ਸੋਢੀ ਨੇ ਸੀ.ਆਰ.ਪੀ.ਐਫ. ਦੇ ਮਾਣਮੱਤੇ ਇਤਿਹਾਸ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਮਹਿਲਾ ਰੈਲੀ ਪੂਰੇ ਦੇਸ਼ ਵਿੱਚ ਮਹਿਲਾ ਸਸ਼ਕਤੀਕਰਨ ਦੇ ਨਾਅਰੇ ਨੂੰ ਬੁਲੰਦ ਅਤੇ ਏਕਤਾ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰ ਰਹੀ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਔਰਤਾਂ ਦਾ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਹੈ ਅਤੇ ਮਹਿਲਾਵਾਂ ਦੀ ਬਰਾਬਰ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਸਮਾਜ ਲਈ ਚਾਨਣ ਮੁਨਾਰਾ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਟਰਸਾਈਕਲ ਰੈਲੀ ‘ਬੇਟੀ ਬਚਾਓ-ਬੇਟੀ ਪੜਾਓ’ ਦਾ ਸੁਨੇਹਾ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਵਿੱਚ ਮਦਦਗਾਰ ਸਿੱਧ ਹੋਵੇਗੀ ਅਤੇ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਹੋ ਸਕੇਗੀ।

ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਗਗਨਦੀਪ ਕੌਰ ਵੱਲੋਂ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਪਰੰਤ ਪ੍ਰਸ਼ਾਸਨ ਵਲੋਂ 11 ਲੜਕੀਆਂ ਜਿਨ੍ਹਾਂ ਵਿੱਚ ਲਵਪ੍ਰੀਤ, ਈਸ਼ਾ, ਸੰਜਨਾ, ਇਸ਼ਮੀਤ ਕੌਰ, ਮੋਨਿਕਾ, ਖਵਾਇਸ਼, ਪਿੰਕੀ, ਸੰਜਨਾ, ਜਸਪ੍ਰੀਤ ਕੌਰ, ਸੇਜਲਪ੍ਰੀਤ ਕੌਰ ਅਤੇ ਖੁਸ਼ੀ ਸ਼ਾਮਿਲ ਹਨ, ਦਾ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਲਈ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਬਲਬੀਰ ਰਾਜ, ਸਹਾਇਕ ਕਮਿਸ਼ਨਰ ਗੁਰਸਿਮਰਨਜੀਤ ਕੌਰ, ਡੀ.ਪੀ.ਓ. ਮਨਜਿੰਦਰ ਸਿੰਘ ਅਤੇ ਹੋਰ ਵੀ ਮੌਜੂਦ ਸਨ।


