ਕਰਤਾਰਪੁਰ 17 ਸਤੰਬਰ (ਜਸਵੰਤ ਵਰਮਾ ) ਸਿਵਲ ਸਰਜਨ ਜਲੰਧਰ ਡਾ ਰਮਨ ਗੁਪਤਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਤਾਰਾ ਆਰਟ ਚੰਡੀਗੜ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਐਚ.ਆਈ.ਵੀ./ਏਡਜ਼ ਸਬੰਧੀ ਨੁੱਕੜ ਨਾਟਕ ਪੇਸ਼ ਕਰ ਜਾਗਰੂਕ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਕੁਲਵਿੰਦਰ ਕੌਰ, ਬੀ.ਈ.ਈ. ਰਾਕੇਸ਼ ਸਿੰਘ , ਆਈ.ਸੀ.ਟੀ.ਸੀ. ਕਾਊਂਸ਼ਲਰ ਹਰਮੀਤ ਕੌਰ, ਐੱਲ.ਟੀ. ਸਰਵਣਪਾਲ ਸਿੰਘ, ਅਧਿਆਪਕ ਅਨਹਦ ਪੁਰੀ, ਸੁਨੀਲ, ਰਾਜਨੀ ਕਾਲੀਆ, ਅਨੀਤਾ, ਦਲੀਪ ਕੌਰ, ਕੁਲਵੰਤ ਕੌਰ, ਪੂਨਮ ਅਤੇ ਬਲਜਿੰਦਰ ਕੌਰ ਆਦਿ ਮੌਜੂਦ ਸਨ।
ਸੀਨੀਅਰ ਮੈਡੀਕਲ ਅਫਸਰ ਡਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਨੁੱਕੜ ਨਾਟਕ ਦਾ ਉਦੇਸ਼ ਵਿਦਿਆਰਥੀਆਂ ਨੂੰ ਏਡਜ਼, ਇਸਦੀ ਰੋਕਥਾਮ ਅਤੇ ਐੱਚਆਈਵੀ/ਏਡਜ਼ ਨਾਲ ਪੀੜਤ ਲੋਕਾਂ ਪ੍ਰਤੀ ਹਮਦਰਦੀ ਨੂੰ ਉਤਸ਼ਾਹਿਤ ਕਰਨਾ ਸੀ। ਐਸ.ਐਮ.ਓ. ਨੇ ਦੱਸਿਆ ਕਿ ਏਡਜ਼ ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਣਾਲੀ ਦਾ ਰੋਗ ਹੈ, ਜੋ ਐਚ.ਆਈ.ਵੀ. ਮਨੁੱਖੀ ਪ੍ਰਤੀਰੋਧਤਾ ਘਾਟ ਵਾਇਰਸ ਰਾਹੀਂ ਫੈਲਦਾ ਹੈ। ਮੂਲ ਰੂਪ ਵਿੱਚ ਏਡਜ਼ ਅਸੁਰੱਖਿਅਤ ਸੰਭੋਗ, ਐਚ.ਆਈ.ਵੀ. ਸੰਕ੍ਰਮਿਤ ਖੂਨ ਚੜ੍ਹਾਉਣ, ਦੂਸ਼ਿਤ ਸੂਈਆਂ ਅਤੇ ਮਾਂ ਦੇ ਗਰਭ ਤੋਂ ਬੱਚੇ ਨੂੰ ਫੈਲਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਏਡਜ਼ ਤੋਂ ਡਰਨ ਨਹੀਂ ਸਗੋਂ ਜਾਗਰੂਕ ਹੋਣ ਦੀ ਲੋੜ ਹੈ । ਬੀ.ਬੀ.ਈ. ਰਾਕੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਿਹਾ ਕਿ ਐਚ.ਆਈ.ਵੀ. ਪ੍ਰਭਾਵਿਤ ਵਿਅਕਤੀ ਐਂਟੀ ਰਿਟਰੋਵਾਇਰਲ ਦਵਾਈਆਂ ਲੈ ਕੇ ਇੱਕ ਲੰਬਾ ਅਤੇ ਸਿਹਤਮੰਦ ਜੀਵਨ ਜੀਅ ਸਕਦੇ ਹਨ। ਇਹ ਦਵਾਈਆਂ ਏ.ਆਰ.ਟੀ. ਕੇਂਦਰਾਂ ਵਿੱਚ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

