ਕਪੂਰਥਲਾ ( ਗੌਰਵ ਮੜੀਆ ) ਸਰਕਾਰੀ ਐਲੀਮੈਂਟਰੀ ਸਕੂਲ ਧਾਲੀਵਾਲ ਦੋਨਾਂ ਦੇ ਹੈੱਡ ਟੀਚਰ ਗੁਰਮੁਖ ਸਿੰਘ ਜਿੰਨਾ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ 5 ਅਕਤੂਬਰ ਨੂੰ ਪੰਜਾਬ ਰਾਜ ਅਧਿਆਪਕ ਪੁਰਸਕਾਰ 2025 ਨਾਲ ਸਨਮਾਨਿਤ ਕੀਤਾ ਗਿਆ ਦਾ ਅੱਜ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ , ਸਟੇਟ ਜੁਆਇੰਟ ਸਕੱਤਰ ਗੁਰਪਾਲ ਸਿੰਘ ਇੰਡੀਅਨ ਸਾਬਕਾ ਚੇਅਰਮੈਨ ਨਗਰ ਸੁਧਾਰ ਟਰਸਟ ਕਪੂਰਥਲਾ ਅਤੇ ਪਾਰਟੀ ਦੇ ਮੀਡੀਆ ਇੰਚਾਰਜ ਇੰਦਰਜੀਤ ਸਿੰਘ ਜੁਗਨੂ ਨੇ ਸਿਰਪਾਓ ਅਤੇ ਸ਼ਾਲ ਦੇਕੇ ਸਨਮਾਨ ਕੀਤਾ । ਹੈੱਡ ਟੀਚਰ ਗੁਰਮੁਖ ਸਿੰਘ ਦੀ ਪੰਜਾਬ ਰਾਜ ਅਧਿਆਪਕ ਪੁਰਸਕਾਰ ਲਈ ਚੋਣ ਪਿਛਲੇ 19 ਸਾਲ ਤੋਂ ਵਿਭਾਗ ਅਤੇ ਸਮਾਜ ਸੇਵਾ ਦੇ ਖੇਤਰ ਨਿਭਾਇਆ ਸ਼ਾਨਦਾਰ ਸੇਵਾਵਾਂ ਬਦਲੇ ਕੀਤੀ ਗਈ । ਜਿਕਰਯੋਗ ਹੈ ਕਿ ਧਾਲੀਵਾਲ ਦੋਨਾਂ ਜਿਲ੍ਹੇ ਦਾ ਇੱਕੋ-ਇੱਕ ਪ੍ਰਾਇਮਰੀ ਸਕੂਲ ਹੈ ਜਿਸ ਵੱਲੋਂ ਆਪਣੇ ਪੱਧਰ ਤੇ ਬੱਚਿਆਂ ਨੂੰ ਲਿਆਉਣ ਲਈ ਈ-ਰਿਕਸ਼ਾ ਦਾ ਪ੍ਰਬੰਧ ਕੀਤਾ ਗਿਆ ਹੈ ।
ਹੈੱਡ ਟੀਚਰ ਗੁਰਮੁਖ ਸਿੰਘ ਵੱਲੋਂ ਆਪਣੇ ਕਾਰਜਕਾਲ ਵਿੱਚ ਹੁੱਣ ਤੱਕ ਆਪਣੇ ਅਧੀਨ ਸਕੂਲਾਂ ਅੰਦਰ ਵੱਖ-ਵੱਖ ਵਿਕਾਸ ਕਾਰਜਾਂ ਲਈ ਪਿੰਡ ਅਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ 21 ਲੱਖ ਤੋ ਜ਼ਿਆਦਾ ਦੀ ਰਾਸ਼ੀ ਖਰਚ ਕੀਤੀ ਗਈ ਹੈ । ਸਰਕਾਰੀ ਸਕੂਲ ਧਾਲੀਵਾਲ ਦੋਨਾਂ ਵਿਖੇ ਪਿਛਲੇ 4 ਸਾਲ ਦੋਰਾਨ ਬੱਚਿਆਂ ਦੀ ਗਿਣਤੀ ਵਿੱਚ 80 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ । ਸਕੂਲ ਵਿੱਚ ਸ਼ਾਨਦਾਰ ਖੇਡ ਗਰਾਊਂਡ, ਟ੍ਰੈਕ ਅਤੇ ਸਕੇਟਿੰਗ ਰਿੰਗ ਮੋਜੂਦ ਹੈ ਜਿਸ ਲਈ ਜਸਬੀਰ ਸਿੰਘ ਕਨੈਡਾ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਸਕੂਲ ਵਿੱਚ ਸ਼ਾਨਦਾਰ ਗੇਟ ਦੀ ਉਸਾਰੀ ਕੁਲਦੀਪ ਸਿੰਘ ਯੂ.ਐਸ.ਏ ਵੱਲੋਂ ਕਰਵਾਈ ਗਈ ਹੈ । ਪੰਜਾਬ ਦੀ ਆਮ ਪਾਰਟੀ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਧਾਲੀਵਾਲ ਦੋਨਾਂ ਦੇ ਪ੍ਰਾਇਮਰੀ ਸਕੂਲ ਦੀ ਚੋਣ ਸਕੂਲ ਆਫ਼ ਹੈਪੀਨੈਸ ਲਈ ਕੀਤੀ ਗਈ ਹੈ । ਜਿਸ ਤਹਿਤ ਸਕੂਲ ਵਿੱਚ 40 ਲੱਖ ਦੀ ਗ੍ਰਾਂਟ ਨਾਲ ਸ਼ਾਨਦਾਰ ਬਿਲਡਿੰਗ ਦੀ ਉਸਾਰੀ ਕੀਤੀ ਗਈ ਹੈ । ਸਕੂਲ ਦੇ ਬੱਚਿਆਂ ਦੀ ਚੋਣ ਲਗਾਤਾਰ ਸਟੇਟ ਖੇਡਾਂ ਵਿੱਚ ਹੋ ਰਹੀ ਹੈ । ਇਸ ਤੋਂ ਇਲਾਵਾ ਸਕੂਲ ਦੇ ਬੱਚੇ ਨਵੋਦਿਆ ਲਈ ਜਾ ਰਹੇ ਹਨ ।
ਸਕੂਲ ਦੇ ਬੱਚਿਆਂ ਦੀ ਝਾਕੀ ਨੂੰ 26 ਜਨਵਰੀ ਤੇ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਮਾਣ ਮਿਲ ਚੁੱਕਾ ਹੈ । ਸਕੂਲ ਦੀ ਸਕਿੱਟ ਟੀਮ ਸਟੇਟ ਪੱਧਰ ਤੇ ਇਨਾਮ ਪ੍ਰਾਪਤ ਕਰ ਚੁੱਕੀ ਹੈ । ਇਸ ਤੋਂ ਇਲਾਵਾ ਸਕੂਲ ਸਵੱਛ ਭਾਰਤ ਤਹਿਤ ਜ਼ਿਲ੍ਹੇ ਵਿੱਚ ਪਹਿਲਾ ਇਨਾਮ ਹਾਸਿਲ ਕਰ ਚੁੱਕਾ ਹੈ ਅਤੇ ਸਕੂਲ ਦੀ ਰਸੋਈ ਨੂੰ ਵੀ FSSAI ਵੱਲੋਂ ਇਨਾਮ ਮਿਲ ਚੁੱਕਾ ਹੈ । ਗੁਰਪਾਲ ਸਿੰਘ ਇੰਡੀਅਨ ਨੇ ਇਸ ਮੌਕੇ ਕਪੂਰਥਲਾ ਤੋਂ ਮਿਹਨਤੀ ਤੇ ਇਮਾਨਦਾਰ ਹੈੱਡ ਟੀਚਰ ਗੁਰਮੁਖ ਸਿੰਘ ਨੂੰ ਆਮ ਪਾਰਟੀ ਸਰਕਾਰ ਵੱਲੋਂ ਵਿਸ਼ਵ ਅਧਿਆਪਕ ਦਿਵਸ ਮੌਕੇ ਸਨਮਾਨਿਤ ਕਰਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਆਮ ਪਾਰਟੀ ਦੀ ਸਰਕਾਰ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਨਾ ਇਸ ਗੱਲ ਨੂੰ ਹੋਰ ਬਲ ਦਿੰਦਾ ਹੈ ਕਿ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਸਰਕਾਰ ਵੱਲੋਂ ਹਮੇਸ਼ਾ ਕੰਮ ਤੇ ਇਮਾਨਦਾਰੀ ਦੀ ਕਦਰ ਕੀਤੀ ਜਾਂਦੀ ਹੈ ।
ਉਹਨਾਂ ਕਿਹਾ ਕਿ ਉਮੀਦ ਹੈ ਕਿ ਅੱਗੋਂ ਹੋਰ ਵੀ ਅਧਿਆਪਕ ਇਹਨਾਂ ਦੇ ਕੰਮਾਂ ਤੋਂ ਪ੍ਰੇਰਨਾ ਲੈਦੇ ਹੋਏ ਪੰਜਾਬ ਸਰਕਾਰ ਤੋ ਪ੍ਰਾਪਤ ਹੋਣ ਵਾਲੀਆਂ ਗ੍ਰਾਂਟਾਂ ਨਾਲ ਸਕੂਲਾਂ ਨੂੰ ਹਰ ਪੱਖ ਤੋਂ ਮੋਹਰੀ ਬਣਾਉਣ ਲਈ ਤਣਦੇਹੀ ਨਾਲ ਕੰਮ ਕਰਨਗੇ ਤਾਂ ਜੋ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਪੂਰੇ ਦੇਸ਼ ਵਿੱਚੋਂ ਅੱਵਲ ਰਹੇ । ਇਸ ਮੌਕੇ ਉਹਨਾਂ ਨਾਲ ਡਾ. ਬਲਵਿੰਦਰ ਸਿੰਘ ਬੱਟੂ ਡਿਪਟੀ ਡੀ.ਈ.ਓ (ਐ.ਸਿ) , ਸੰਜੀਵ ਕੁਮਾਰ ਹਾਂਡਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਪੂਰਥਲਾ-2, ਆਪ ਦੇ ਜਿਲਾ ਯੂਥ ਪ੍ਰਧਾਨ ਰਣਜੀਤ ਸਿੰਘ ਫ਼ਤਹਿ, ਡਿਪਟੀ ਮੇਅਰ ਫਗਵਾੜਾ ਵਿੱਕੀ ਸੂਦ ਆਦਿ ਵੀ ਵਿਸ਼ੇਸ ਤੌਰ ਤੇ ਹਾਜ਼ਰ ਸਨ ।

