ਕਪੂਰਥਲਾ 20ਨਵੰਬਰ (ਗੌਰਵ ਮੜੀਆ ) ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਏਟਕ ਦੀ ਕਪੂਰਥਲਾ ਡਿਪੂ ਦੀ ਇਕਾਈ ਦੀ ਕਾਨਫਰੰਸ ਜਸਪ੍ਰੀਤ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੈਂਟਰ ਬਾਡੀ ਦੇ ਅਹੁਦੇਦਾਰ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਏਟਕ ਦੀ ਰਹਿਨੁਮਾਈ ਅਧੀਨ ਮੁਹੰਮਦ ਖਲੀਲ ਅਤੇ ਸੁਖਦੇਵ ਰਾਮ ਸੁੱਖੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਕਾਨਫਰੰਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਪਿਛਲੇ ਸਮੇਂ ਵਿੱਚ ਵਿਛੜੇ ਸਾਥੀਆਂ ਨੂੰ 02 ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਹਰਪ੍ਰੀਤ ਸਿੰਘ ਜਨਰਲ ਸਕੱਤਰ ਨੇ ਪਿਛਲੇ ਸਮੇਂ ਵਿੱਚ ਯੂਨੀਅਨ ਵੱਲੋਂ ਕੀਤੀਆਂ ਗਈਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਜਿਸ ਵਿੱਚ 12 ਸਾਥੀਆਂ ਨੇ ਬਹਿਸ ਵਿੱਚ ਹਿੱਸਾ ਲਿਆ ਅਤੇ ਉਸਾਰੂ ਸੁਝਾਅ ਵੀ ਪੇਸ਼ ਕੀਤੇ, ਵਰਕਰਾਂ ਦੀਅ ਮੰਗਾਂ ਅਤੇ ਮੁਸ਼ਕਿਲਾਂ ਦਾ ਜਿਕਰ ਕੀਤਾ ਗਿਆ। ਇਹ ਰਿਪੋਰਟ ਸਰਬਸੰਮਤੀ ਨਾਲ ਪ੍ਰਵਾਨ ਕੀਤੀ ਗਈ। ਇਸ ਤੋਂ ਉਪਰੰਤ ਨਵੀਂ ਟੀਮ ਦੀ ਚੋਣ ਪ੍ਰਕਿਿਰਆ ਸ਼ੁਰੂ ਕਰਨ ਦੀ ਕਾਰਵਾਈ ਆਰੰਭ ਕੀਤੀ ਗਈ ਅਤੇ ਪੁਰਾਣੀ ਟੀਮ ਭੰਗ ਕਰ ਦਿੱਤੀ ਗਈ। ਅਗਲੇ ਤਿੰਨ ਸਾਲ ਲਈ ਨਵੀਂ ਟੀਮ ਦੀ ਚੋਣ ਦਾ ਪੈਨਲ ਪੇਸ਼ ਕੀਤਾ ਗਿਆ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ।
ਨਵੀਂ ਟੀਮ ਦੇ ਅਹੁਦੇਦਾਰਾਂ ਵਿੱਚ ਕਮਲਜੀਤ ਸਿੰਘ ਸਰਪ੍ਰਸਤ, ਜਸਪ੍ਰੀਤ ਸਿੰਘ ਚੇਅਰਮੈਨ, ਰਾਮ ਨਾਥ ਡਿਪਟੀ ਚੇਅਰਮੈਨ, ਹਰਮਨਦੀਪ ਸਿੰਘ ਪੱਡਾ ਪ੍ਰਧਾਨ, ਸੁਖਚੈਨ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਦੇਵ ਸਿੰਘ ਮੀਤ ਪ੍ਰਧਾਨ, ਨਿਰਮਲਜੀਤ ਸਿੰਘ ਖਜਾਨਚੀ, ਹਰਪ੍ਰੀਤ ਸਿੰਘ ਜਨਰਲ ਸਕੱਤਰ, ਸੁਰਜੀਤ ਸਿੰਘ ਡਿਪਟੀ ਜਨਰਲ ਸਕੱਤਰ ਦੀ ਜਿੰਮੇਵਾਰੀ ਸੌਪੀ ਗਈ।

