ਸੁਲਤਾਨਪੁਰ ਲੋਧੀ ( ਗੌਰਵ ਮੜੀਆ) ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਅਮਨ -ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਨੂੰ ਦਿੱਤੇ ਨਿਰਦੇਸ਼ਾਂ ਤੇ ਅਮਲ ਕਰਦਿਆ ਥਾਣਾ ਸੁਲਤਾਨਪੁਰ ਲੋਧੀ ਦੇ ਮੁੱਖੀ ਸਬ ਇੰਸਪੈਕਟਰ ਜਸਪਾਲ ਸਿੰਘ ਨੇ ਸੁਲਤਾਨਪੁਰ ਲੋਧੀ ਅੰਦਰ ਜ਼ਬਰਦਸਤ ਚੈਕਿੰਗ ਮੁਹਿੰਮ ਚਲਾਈ ਗਈ।
ਸਿਵਲ ਹਸਪਤਾਲ,ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ ਤੇ ਕੀਤੀ ਗਈ ਚੈਕਿੰਗ ਦੌਰਾਨ 10 ਤੋਂ ਵੱਧ ਚਲਾਨ ਕੱਟੇ ਗਏ।ਇਸ ਮੌਕੇ ਐਸ.ਐਚ.ਓ ਜਸਪਾਲ ਸਿੰਘ ਨੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਬੁਲੇਟ ਤੇ ਪਟਾਕੇ ਮਾਰਨ ਵਾਲੇ ਅਤੇ ਬਿਨਾਂ ਵਜ੍ਹਾ ਸਕੂਲਾਂ, ਕਾਲਜਾਂ ਮੂਹਰੇ ਗੇੜੀਆਂ ਲਾਉਣ ਵਾਲੇ ਨੌਜਵਾਨਾਂ ਨਾਲ਼ ਪੁਲਿਸ ਸਖ਼ਤੀ ਨਾਲ ਪੇਸ਼ ਆਵੇਗੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪਰੈਸ਼ਰ ਹਾਰਨ ਮਾਰਨ ਵਾਲੇ ਵਾਹਨਾਂ ਦੇ ਵੀ ਚਲਾਨ ਕੱਟੇ ਜਾਣਗੇ। ਉਨ੍ਹਾਂ ਨੇ ਸ਼ਹਿਰ ਅੰਦਰ ਮੋਟਰਸਾਈਕਲਾਂ ਦੀ ਰਿਪੇਅਰ ਕਰਨ ਵਾਲੇ ਮਕੈਨਿਕਾਂ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰ ਨਾ ਬਦਲਣ।
ਇਸ ਮੌਕੇ ਉਨ੍ਹਾਂ ਨੇ ਪਵਿੱਤਰ ਸ਼ਹਿਰ ਅੰਦਰ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ ਵਾਲੇ ਰੇਹੜੀਆਂ, ਢਾਬਾ ਅਤੇ ਹੋਟਲ ਮਾਲਕਾਂ ਨੂੰ ਵੀ ਅਜਿਹਾ ਕਰਨ ਤੋਂ ਵਰਜਿਤ ਕੀਤਾ। ਉਨ੍ਹਾਂ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬੇਝਿਜਕ ਹੋ ਕੇ ਪੁਲਿਸ ਦਾ ਸਹਿਯੋਗ ਕਰਨ ਤਾਂ ਨਸ਼ਿਆਂ, ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਨੱਥ ਪਾਈ ਜਾਵੇ। ਉੱਧਰ ਪੁਲਿਸ ਵੱਲੋਂ ਸ਼ਹਿਰ ਅੰਦਰ ਛੇੜੀ ਗਈ ਵਿਸ਼ੇਸ਼ ਮੁਹਿੰਮ ਦਾ ਇਲਾਕਾ ਨਿਵਾਸੀਆਂ ਨੇ ਸਵਾਗਤ ਕੀਤਾ ਹੈ। ਲੋਕਾਂ ਨੇ ਕਿਹਾ ਕਿ ਐਸ.ਐਚ.ਓ ਵੱਲੋਂ ਕੀਤੀ ਗਈ ਸਖ਼ਤੀ ਨਾਲ ਹਲਕੇ ਅੰਦਰ ਨਸ਼ਿਆ ਨੂੰ ਵੱਡੇ ਪੱਧਰ ਤੇ ਠੱਲ ਪਈ ਹੈ।

