ਜਲੰਧਰ, 29 ਨਵੰਬਰ: ਪਾਸਪੋਰਟ ਲਈ ਅਪਲਾਈ ਕਰਨ ਵਾਲੇ ਲੋਕਾਂ ਦੀ ਸਹੂਲਤ ਲਈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ 3 ਦਸੰਬਰ ਸ਼ਨੀਵਾਰ ਨੂੰ ਪਾਸਪੋਰਟ ਸੇਵਾ ਕੇਂਦਰ ਅਤੇ ਪੋਸਟ ਆਫ਼ਿਸ ਪਾਸਪੋਰਟ ਸੇਵਾ ਕੇਂਦਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ।
ਖੇਤਰੀ ਪਾਸਪੋਰਟ ਅਧਿਕਾਰੀ ਯਸ਼ ਪਾਲ ਨੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਨੈਕਾਰ ਵਿਦੇਸ਼ ਮੰਤਰਾਲੇ ਦੀ ਅਧਿਕਾਰਤ ਵੈਬਸਾਈਟ www.passportindia.gov.in ’ਤੇ ਜਾ ਕੇ ਪਾਸਪੋਰਟ ਲਈ ਅਪਲਾਈ ਕਰਨ ਵਾਸਤੇ ਅਪਾਇੰਟਮੈਂਟ ਲੈ ਸਕਦੇ ਹਨ ਜਾਂ ਮੁੜ ਨਿਰਧਾਰਤ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ 3 ਦਸੰਬਰ ਲਈ ਅਪਾਇੰਟਮੈਂਟ ਦੀ ਉਪਲਬਧਤਾ ਉਪਰੋਕਤ ਅਧਿਕਾਰਤ ਵੈੱਬਸਾਈਟ ਤੋਂ ਚੈੱਕ ਕੀਤੀ ਜਾ ਸਕਦੀ ਹੈ।ਹਾਲਾਂਕਿ ਸਿਰਫ਼ ਇਕ ਪ੍ਰੀਪੋਨਮੈਂਟ (ਅਗਾਊਂ ਅਪਾਇੰਟਮੈਂਟ)/ਰੀ-ਸ਼ਡਿਊਲਿੰਗ ਦੀ ਇਜਾਜ਼ਤ ਹੈ। ਉਨ੍ਹਾਂ ਬਿਨੈਕਾਰਾਂ ਨੂੰ ਅਪਾਇੰਟਮੈਂਟ ਅਗਾਊਂ ਕਰਨ ਦਾ ਫੈਸਲਾ ਧਿਆਨ ਨਾਲ ਲੈਣ ਦੀ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਉਹ ਇੱਕ ਵਾਰ ਸਮਾਂ ਤਬਦੀਲ ਦੇ ਮੌਕੇ ਤੋਂ ਬਾਅਦ ਪੇਸ਼ ਹੋਣ ਵਿੱਚ ਅਸਫ਼ਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਰੀ-ਸ਼ਡਿਊਲ/ਹੋਰ ਤਰੀਕ ਚੁਣਨ ਦਾ ਮੌਕਾ ਨਹੀਂ ਮਿਲੇਗਾ।
ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਮੰਤਰਾਲੇ ਵੱਲੋਂ ਇਸ ਸੰਬੰਧੀ ਕੋਈ ਸੰਸਥਾ ਜਾਂ ਵਿਚੋਲੀਆ ਅਧਿਕਾਰਤ ਨਹੀਂ ਕੀਤਾ ਗਿਆ, ਇਸ ਲਈ ਆਮ ਲੋਕਾਂ ਨੂੰ ਆਪਣੇ ਪਾਸਪੋਰਟ ਲਈ ਸਿੱਧਾ ਐਮ.ਈ.ਏ. ਦੇ ਅਧਿਕਾਰਤ ਪੋਰਟਲ www.passportindia.gov.in ਰਾਹੀਂ ਅਪਲਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਅਜਿਹੀਆਂ ਸੇਵਾਵਾਂ ਲਈ ਕਿਸੇ ਏਜੰਟ ਜਾਂ ਵਿਚੋਲੀਏ ਦੀ ਜ਼ਰੂਰਤ ਨਹੀਂ ਹੈ।

