ਕਪੂਰਥਲਾ 26 ਜੁਲਾਈ (ਗੌਰਵ ਮੜੀਆ) ਪੀ. ਐਮ. ਸ਼੍ਰੀ. ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ 2025 ਤੋਂ 2027 ਲਈ ਸਕੂਲ ਪ੍ਰਬੰਧਕੀ ਕਮੇਟੀ (SMC) ਦਾ ਸਫਲਤਾਪੂਰਕ ਗਠਨ ਕੀਤਾ ਗਿਆ । ਜਿਸ ਵਿੱਚ ਸ੍ਰ. ਕਰਮਬੀਰ ਸਿੰਘ ਚੰਦੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਕਪੂਰਥਲਾ ਬਤੌਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਮੈਂਬਰ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਚੰਡੀਗੜ੍ਹ(ਸਾਬਕਾ ਚੇਅਰਮੈਨ ਸਕੂਲ ਪ੍ਰਬੰਧਕ ਕਮੇਟੀ) ਪਰਵਿੰਦਰ ਸਿੰਘ ਢੋਟ ਆਰਕੀਟੈਕਟ ਹਲਕਾ ਸੰਗਠਨ ਇੰਚਾਰਜ ਕਪੂਰਥਲ ਤੇ ਲਲਿਤ ਸਕਲਾਨੀ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਆਦਿ ਸ਼ਾਮਿਲ ਹੋਏ।
ਇਸ ਮੌਕੇ ਸਕੂਲ ਸਟਾਫ਼, ਮਾਤਾ-ਪਿਤਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਘੇ ਨੁਮਾਇੰਦਗਿਆਂ ਦੀ ਹਾਜ਼ਰੀ ਵਿੱਚ ਬੱਚਿਆਂ ਦੇ ਮਾਪੇ ਮੈਂਬਰਾਂ ਨੇ ਸਰਬਸੰਮਤੀ ਨਾਲ ਉਪਰੋਕਤ ਚੋਣ ਪ੍ਰਕਿਰਿਆ ਦੌਰਾਨ ਸ੍ਰੀਮਤੀ ਸੁਧਾ ਤਿਵਾੜੀ ਨੂੰ ਚੇਅਰਮੈਨ ਅਤੇ ਸ੍ਰੀ ਬਲਵਿੰਦਰ ਸਿੰਘ ਨੂੰ ਵਾਈਸ ਚੇਅਰਮੈਨ ਵਜੋਂ ਚੁਣਿਆ। ਸਾਰੇ ਮਾਤਾ-ਪਿਤਾ ਮੈਂਬਰਾਂ ਨੇ ਭਵਿੱਖ ਵਿੱਚ ਆਪਣੀ ਭੂਮਿਕਾ ਨੂੰ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣ ਦਾ ਵਾਅਦਾ ਕੀਤਾ।ਇਸ ਸਿੱਖਿਆ-ਸਮੁਦਾਇ ਬੈਠਕ ਵਿੱਚ ਵਿਸ਼ੇਸ਼ ਤੌਰ ‘ਤੇ ਨਿਰੀਖਕ ਵਜੋਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਸਮੇਤ ਕੌਂਸਲਰ ਕਰਨ ਮਹਾਜਨ ਨੇ ਵੀ ਨਵੀਂ ਬਣੀ ਕਮੇਟੀ ਨੂੰ ਵਧਾਈਆਂ ਦਿੱਤੀਆਂ। ਹਲਕਾ ਇੰਚਾਰਜ ਅਤੇ ਸਰਕਾਰ ਦੇ ਸਮੂਹ ਨੁਮਾਇਦਿਆਂ ਨੇ ਆਪਣੇਂ ਸੰਬੋਧਨ ਦੌਰਾਨ ਸਕੂਲ ਦੀ ਭਲਾਈ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਸਕੂਲ ਪ੍ਰਿੰਸੀਪਲ ਸ੍ਰੀ ਨਵਚੇਤਨ ਸਿੰਘ ਨੇ ਮਹਿਮਾਨਾਂ ਦਾ ਗੁਲਦਸਤਿਆਂ ਨਾਲ ਸਵਾਗਤ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਸਕੂਲ ਪ੍ਰਬੰਧਕੀ ਕਮੇਟੀ ਦੀ ਭੂਮਿਕਾ, ਉਸਦੇ ਕਾਰਜ, ਅਤੇ ਸਕੂਲ ਦੇ ਵਿਕਾਸ ਵਿੱਚ ਉਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐਸ. ਐਮ. ਸੀ. ਇੱਕ ਐਸਾ ਮੰਚ ਹੈ ਜੋ ਅਧਿਆਪਕਾਂ, ਮਾਪਿਆਂ ਅਤੇ ਸਮਾਜਕ ਵਰਗਾਂ ਵਿਚਕਾਰ ਸਿੱਧੀ ਗੱਲਬਾਤ ਨੂੰ ਸੰਭਵ ਬਣਾਉਂਦਾ ਹੈ,ਅਤੇ ਸਕੂਲ ਦੇ ਸਰਵਪੱਖੀ ਵਿਕਾਸ ਵਿੱਚ ਸਹਿਯੋਗੀ ਸਾਬਤ ਹੁੰਦਾ ਹੈ। ਇਸ ਮੌਕੇ ਹਾਜ਼ਰ ਸਾਰਿਆਂ ਨੇ SMC ਦੀ ਨਵੀਂ ਚੋਣ ‘ਤੇ ਖੁਸ਼ੀ ਜਤਾਈ ਅਤੇ ਭਵਿੱਖ ਵਿੱਚ ਸਕੂਲ ਦੀ ਪ੍ਰਗਤੀ ਲਈ ਮਿਲਕੇ ਕੰਮ ਕਰਨ ਦਾ ਸੰਕਲਪ ਕੀਤਾ। ਅੰਤ ਵਿੱਚ ਸਰਕਾਰ ਦੇ ਨੁਮਾਇੰਦਿਆਂ ਅਤੇ ਸਮੁੱਚੇ ਸਟਾਫ ਵੱਲੋਂ ਸਾਂਝੇ ਤੌਰ ਤੇ ਨਵ-ਨਿਯੁਕਤ ਚੇਅਰਮੈਨ ਅਤੇ ਉਪ ਚੇਅਰਮੈਨ ਦਾ ਸਨਮਾਨ ਕੀਤਾ ਗਿਆ।

