ਕਰਤਾਰਪੁਰ 21 ਅਗਸਤ(ਜਸਵੰਤ ਵਰਮਾ ) ਨਵਜੰਮੇ ਬੱਚਿਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਸੌ ਫੀਸਦੀ ਟੀਕਾਕਰਨ ਜ਼ਰੂਰੀ ਹੈ। ਇਸੇ ਟੀਚੇ ਨੂੰ ਹਾਸਲ ਕਰਨ ਅਤੇ ਨਿਯਮਿਤ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕਰਨ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਟੀਕਾਕਰਨ ਹਫ਼ਤਾ ਸ਼ੁਰੂ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਗੁਰਮੀਤ ਲਾਲ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਪੂਰਨ ਸੇਖੜੀ ਦੀ ਦੇਖ-ਰੇਖ ਵਿੱਚ ਬਲਾਕ ਕਰਤਾਰਪੁਰ ਵਿਖੇ ਵੱਖ-ਵੱਖ ਪਿੰਡਾਂ, ਡੇਰਿਆਂ ‘ਤੇ ਕੈਂਪ ਲਗਾਏ ਗਏ, ਜਿੱਥੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ।
ਵਿਸ਼ੇਸ਼ ਮੁਹਿੰਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਪੂਨਮ ਸੇਖੜੀ ਨੇ ਦੱਸਿਆ ਕਿ ਬੱਚਿਆਂ ਨੂੰ ਕਈ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਜਨਮ ਤੋਂ ਲੈ ਕੇ ਡੇਢ ਸਾਲ ਤੱਕ ਦੇ ਵੱਖ-ਵੱਖ ਟੀਕੇ ਲਗਾਏ ਜਾਂਦੇ ਹਨ | ਕਈ ਵਾਰ ਬੱਚੇ ਇਸ ਸ਼ਡਿਊਲ ਅਨੁਸਾਰ ਵੈਕਸੀਨ ਤੋਂ ਵਾਂਝੇ ਰਹਿ ਜਾਂਦੇ ਹਨ। ਇਨ੍ਹਾਂ ਬੱਚਿਆਂ ਨੂੰ ਕਵਰ ਕਰਨ ਲਈ ਜਿਨ੍ਹਾਂ ਖੇਤਰਾਂ ਵਿੱਚ ਕਵਰੇਜ ਘੱਟ ਹੈ, ਉੱਥੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਹਫ਼ਤੇ ਦੌਰਾਨ ਲਗਾਤਾਰ ਵੱਖ-ਵੱਖ ਥਾਵਾਂ ‘ਤੇ ਕੈਂਪ ਲਗਾਇਆ ਜਾਵੇਗਾ।
ਬੀਈਈ ਰਾਕੇਸ਼ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਬਲਾਕ ਵਿੱਚ 23 ਅਗਸਤ ਤੱਕ 29 ਵਿਸ਼ੇਸ਼ ਕੈਂਪ ਲਗਾਏ ਜਾਣਗੇ। ਜਿਸ ਵਿੱਚ ਨਵਜੰਮੇ ਬੱਚਿਆਂ ਤੋਂ ਲੈ ਕੇ ਦੋ ਸਾਲ ਤੱਕ ਦੇ ਬੱਚਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ। ਇਸਦੇ ਲਈ ਸਿਹਤ ਵਿਭਾਗ ਵੱਲੋਂ ਘੱਟ ਕਵਰੇਜ ਵਾਲੇ ਖੇਤਰਾਂ ਦੀ ਚੋਣ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।

