ਕਪੂਰਥਲਾ(ਗੌਰਵ ਮੜੀਆ )ਕਸਬੇ ਦੇ ਵੱਖ-ਵੱਖ ਸ਼ਿਵ ਮੰਦਰਾਂ ਵਿਖੇ ਅੱਜ ਸ਼ਿਵਰਾਤਰੀ ਦਾ ਤਿਓਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ।ਸ਼ਿਵਰਾਤਰੀ ਦੇ ਸਬੰਧ ਵਿਚ ਤੜਕਸਾਰ ਤੋਂ ਹੀ ਪ੍ਰਭੂ ਪ੍ਰੇਮੀ ਸ਼ਿਵ ਮੰਦਰ ਪਹੁੰਚਣ ਲੱਗ ਪਏ।ਸ਼ਿਵ ਭਗਤਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਵਿਧੀਵਤ ਪੂਜਾ ਅਰਚਨਾ ਕੀਤੀ ਅਤੇ ਮੱਥਾ ਟੇਕਿਆ।ਇਸ ਮੌਕੇ ਬਜਰੰਗ ਦਲ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਬਜਰੰਗ ਦਲ ਦੇ ਵਰਕਰਾਂ ਦੇ ਨਾਲ ਸ਼ਿਵਰਾਤਰੀ ਦੇ ਮੌਕੇ ਤੇ ਕਸਬੇ ਦੇ ਵੱਖ-ਵੱਖ ਸ਼ਿਵ ਮੰਦਿਰਾ ਵਿਖੇ ਪਹੁੰਚ ਕੇ ਮੱਥਾ ਟੇਕਿਆ ਗਿਆ ਅਤੇ ਪੂਜਾ ਅਰਚਨਾ ਕੀਤੀ ਗਈ।
ਉਨ੍ਹਾਂ ਦੇਸ਼ ਸੂਬੇ ਅਤੇ ਜ਼ਿਲ੍ਹੇ ਦੇ ਲੋਕਾਂ ਦੀ ਖੁਸ਼ਹਾਲੀ ਅਤੇ ਭਲਾਈ ਦੀ ਕਾਮਨਾ ਕੀਤੀ।ਇਸ ਮੌਕੇ ਨਰੇਸ਼ ਪੰਡਿਤ ਵਲੋਂ ਸਮੂਹ ਪ੍ਰਭੂ ਪ੍ਰੇਮੀਆਂ ਨੂੰ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ ਗਈ ਅਤੇ ਸਾਰਿਆਂ ਨੂੰ ਅਜਿਹੇ ਤਿਓਹਾਰ ਮਿਲ ਕੇ ਮਨਾਉਣ ਦਾ ਸੱਦਾ ਦਿੱਤਾ।ਨਰੇਸ਼ ਪੰਡਿਤ ਨੇ ਕਿਹਾ ਕਿ ਭਗਵਾਨ ਸ਼ਿਵ ਨੂੰ ਕੇਵਲ ਦੇਵਤੇ ਤੇ ਭਗਤ ਹੀ ਪਿਆਰੇ ਨਹੀਂ ਹਨ,ਸਗੋਂ ਉਹ ਆਪਣੇ ਸਮੂਹ ਵਿੱਚ ਦੈਂਤ,ਦਾਨਵ ਤੇ ਕਈ ਤਰ੍ਹਾਂ ਦੇ ਪਸ਼ੂ-ਪੰਛੀ ਵੀ ਸ਼ਾਮਲ ਹਨ।ਜਿਨ੍ਹਾਂ ਨੂੰ ਸਾਰੇ ਦੇਵੀ ਦੇਵਤੇ ਤਿਆਗ ਦਿੰਦੇ ਹਨ,ਭਗਵਾਨ ਸ਼ੰਕਰ ਉਨ੍ਹਾਂ ਸਾਰਿਆਂ ਨੂੰ ਅਪਣਾ ਲੈਂਦੇ ਹਨ।
ਉਨ੍ਹਾਂ ਦਾ ਸੁਭਾਅ ਸਾਨੂੰ ਸਭ ਜੀਵਾਂ ਲਈ ਪਿਆਰ ਅਤੇ ਸਮਾਨਤਾ ਰੱਖਣਾ ਸਿਖਾਉਂਦਾ ਹੈ।ਨਰੇਸ਼ ਪੰਡਿਤ ਨੇ ਕਿਹਾ ਕਿ ਭਗਵਾਨ ਸ਼ਿਵ ਇਕਮਾਤਰ ਅਜਿਹੇ ਦੇਵਤਾ ਹਨ,ਜੋ ਆਪਣੇ ਭਗਤਾਂ ਤੋਂ ਬਹੁਤ ਜਲਦੀ ਖੁਸ਼ ਹੋ ਜਾਂਦੇ ਹਨ।ਉਨ੍ਹਾਂ ਕਿਹਾ ਕਿ ਪਾਵਨ ਸ਼ਿਵਰਾਤਰੀ ਦਾ ਤਿਉਹਾਰ ਸਾਨੂੰ ਆਪਸੀ ਭਾਈਚਾਰਾ ਅਤੇ ਏਕਤਾ ਦਾ ਸੰਦੇਸ਼ ਦਿੰਦਾ ਹੈ।ਉਨ੍ਹਾਂ ਨੇ ਕਿਹਾ ਕਿ ਸਾਡੇ ਰਵਾਇਤੀ ਤਿਉਹਾਰ ਸਾਨੂੰ ਇਕਜੁੱਟਤਾ ਦਾ ਸੰਦੇਸ਼ ਦਿੰਦੇ ਹਨ,ਜਿਸ ਕਾਰਨ ਸਾਡਾ ਸੱਭਿਆਚਾਰ ਦਿਨੋਂ-ਦਿਨ ਮਜ਼ਬੂਤ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਸਾਨੂੰ ਆਪਸੀ ਪਿਆਰ,ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ।ਉਨ੍ਹਾਂ ਕਿਹਾ ਕਿ ਭਗਵਾਨ ਭੋਲੇਨਾਥ ਦੀਆਂ ਸਿੱਖਿਆਵਾਂ ਤੇ ਅਮਲ ਕਰਦਿਆਂ ਸਾਨੂੰ ਬੁਰਾਈ ਨਾਲ ਲੜਦੇ ਹੋਏ ਸ਼੍ਰੇਣੀ ਵੰਡ ਤੋਂ ਉਪਰ ਉਠਕੇ ਮਾਨਵਤਾ ਨਾਲ ਪਿਆਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਭ ਲੋਕ ਆਪਸ ਚ ਇਕੱਠੇ ਹੋ ਕੇ ਪਾਵਨ ਸ਼ਿਵਰਾਤਰੀ ਦਾ ਤਿਉਹਾਰ ਮਨਾਉਂਦੇ ਹਨ ਜੋ ਕਿ ਅਮਨ ਸ਼ਾਤੀ ਅਤੇ ਇਕਜੁੱਟਤਾ ਦਾ ਸੰਦੇਸ਼ ਦਿੰਦਾ ਹੈ ਇਸ ਲਈ ਸਾਨੂੰ ਭਗਵਾਨ ਸ਼ਿਵ ਦੀਆਂ ਸਿੱਖਿਆਂਵਾਂ ਅਨੁਸਾਰ ਜੀਵਨ ਜਿਉਣਾਂ ਚਾਹੀਦਾ ਹੈ।ਇਸ ਮੌਕੇ ਬਜਰੰਗ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਆਨੰਦ ਯਾਦਵ,ਧੀਰਜ ਵਰਮਾ,ਸਾਬੀ,ਸੰਨੀ,ਅਨਿਲ, ਕਾਰਤਿਕ,ਰਾਹੁਲ,ਗਗਨ ਆਦਿ ਹਾਜ਼ਰ ਸਨ।

