ਕਪੂਰਥਲਾ ( ਗੌਰਵ ਮੜੀਆ ) ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਢਿਲਵਾਂ ਵਿਖੇ ਸੰਤੁਲਨ ਪ੍ਰੋਜੈਕਟ ਤਹਿਤ ਲੋਹੜੀ ਦਾ ਪ੍ਰੋਗਰਾਮ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਸੰਦੀਪ ਭਾਰਤੀ ਜੀ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਇਹ ਤਿਉਹਾਰ ਸਾਲ ਦੇ ਸ਼ੁਰੂ ਵਿੱਚ ਆਉਂਦਾ ਹੈ, ਇਸ ਦਿਨ ਹਰ ਕੋਈ ਬੜੇ ਉਤਸ਼ਾਹ ਨਾਲ ਲੋਹੜੀ ਦਾ ਤਿਉਹਾਰ ਮਨਾਉਂਦਾ ਹੈ। ਤਿਲ, ਮੂੰਗਫਲੀ ਅਤੇ ਰਿਓੜੀ ਲੋਹੜੀ ਦੀ ਅਗਨੀ ਵਿੱਚ ਜਲਾ ਕੇ ਆਪਣੇ ਦਲਿੱਦਰ ਦਾ ਖ਼ਾਤਮਾ ਕਰਕੇ ਉਸ ਈਸ਼ਵਰ ਨੂੰ ਆਪਣੇ ਘਰ ਵਿੱਚ ਬੁਲਾਉਂਦੇ ਹਨ।
ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਲੋਹੜੀ ਦੇ ਤਿਉਹਾਰ ਨੂੰ ਅਧਿਆਤਮਿਕ ਨਜ਼ਰੀਏ ਤੋਂ ਦੇਖੀਏ ਤਾਂ ਇਹ ਅਗਨੀ ਗਿਆਨ ਦੀ ਅੱਗ ਦਾ ਪ੍ਰਤੀਕ ਹੈ ਅਤੇ ਇਸ ਵਿੱਚ ਪਾਏ ਤਿਲ ਸਾਡੇ ਕਰਮਾਂ ਦਾ ਪ੍ਰਤੀਕ ਹਨ ਜੋ ਇਸ ਅੱਗ ਵਿੱਚ ਸੜ ਜਾਂਦੇ ਹਨ। ਅਸਲ ਵਿੱਚ ਇਹ ਲੋਹੜੀ ਦਾ ਤਿਉਹਾਰ ਸਾਡੇ ਅੰਦਰ ਗਿਆਨ ਦੀ ਅੱਗ ਨੂੰ ਸਾੜ ਕੇ ਸਾਡੇ ਕਰਮਾਂ ਨੂੰ ਸਾੜਨ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਸੰਕਲਪ ਪ੍ਰੋਜੈਕਟ ਤਹਿਤ ਕੰਨਿਆ ਬਚਾਓ ਮੁਹਿੰਮ ਚਲਾ ਰਹੀ ਹੈ।
ਜਿਸ ਵਿੱਚ ਸਮਾਜ ਨੂੰ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਦਾ ਖ਼ਾਤਮਾ ਕਰਨ ਲਈ ਜਾਗਰੂਕ ਕੀਤਾ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਸਮਾਜ ਵਿੱਚ ਨਾਰੀ ਦੀ ਦਸ਼ਾ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ, ਇਸ ਲਈ ਅੱਛੇ ਸੰਸਕਾਰਾਂ ਦਾ ਜੀਵਨ ਵਿੱਚੋ ਕਿੰਨਾ ਮਹੱਤਵ ਹੈ ਉਸ ਦੇ ਬਾਰੇ ਵੀ ਦੱਸਿਆ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਗੁਰੂਦੇਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਨੇ ਔਰਤ ਨੂੰ ਪੂਜਣਯੋਗ ਅਤੇ ਸਤਿਕਾਰਯੋਗ ਬਣਾਇਆ ਹੈ। ਔਰਤ ਸਮਾਜ ਵਿੱਚ ਨੁਮਾਇਸ਼ ਦਾ ਕੇਂਦਰ ਨਹੀਂ ਹੈ, ਬਲਕਿ ਮਹਾਂਪੁਰਸ਼ਾਂ ਨੇ ਉਸ ਨੂੰ ਸੰਸਾਰ ਦੀ ਮਾਤਾ ਕਹਿ ਕੇ ਨਿਵਾਜਿਆ ਹੈ। ਉਸ ਨੇ ਕਿਹਾ ਕਿ ਧਰਮ-ਗ੍ਰੰਥਾਂ ਵਿਚ ਲਿਖਿਆ ਹੈ ਸੋ ਕਿਉਂ ਮੰਦਾ ਅੱਖੀਏ ਜਿਤ ਜੰਮੇ ਰਾਜਾਨ। ਇਸ ਲਈ ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਅੱਜ ਔਰਤ ਅਬਲਾ ਨਹੀਂ ਸਗੋਂ ਸਬਲਾ ਹੈ।
ਸਭ ਨੂੰ ਸੰਬਲ ਪ੍ਰਦਾਨ ਕਰਦੀ ਹੈ। ਕੋਈ ਵੀ ਬੱਚਾ ਜਦੋਂ ਦੁਖੀ ਹੋਵੇ, ਦੁਨੀਆਂ ਵਿੱਚ ਚਾਹੇ ਉਸਨੂੰ ਕਿੰਨੇ ਵੀ ਦੋਸਤਾਂ ਦਾ ਸਹਾਰਾ ਮਿਲ ਜਾਵੇ , ਉਹ ਠੀਕ ਨਹੀਂ ਹੋ ਸਕਦਾ, ਪਰ ਜਦੋਂ ਉਸਨੂੰ ਮਾਂ ਦਾ ਸਹਾਰਾ, ਮਾਂ ਦੀ ਗੋਦ ਮਿਲ ਜਾਂਦੀ ਹੈ ਤਾਂ ਹਰ ਦੁੱਖ ਦੂਰ ਹੋ ਜਾਂਦਾ ਹੈ। ਅੱਜ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਸੰਕਲਪ ਪ੍ਰੋਜੈਕਟ ਦੇ ਤਹਿਤ ਕੰਨਿਆ ਬਚਾਓ ਬੈਨਰ ਹੇਠ ਸਮਾਜ ਨੂੰ ਇਹੀ ਸੇਧ ਪ੍ਰਦਾਨ ਕਰ ਰਿਹਾ ਹੈ। ਅੰਤ ਵਿੱਚ ਸਮੂਹ ਸੰਗਤਾਂ ਨੇ ਭਜਨਾਂ ਤੇ ਝੂਮ ਕੇ ਆਨੰਦ ਮਾਣਿਆ।

