ਕਪੂਰਥਲਾ ( ਗੌਰਵ ਮੜੀਆ ) ਪਿੰਡ ਖੋਜੇਵਾਲਾ ਓਪਨ ਡੋਰ ਵੈੱਲਫੇਅਰ ਸੋਸਾਇਟੀ ਦੇ ਦਫਤਰ ਵਿੱਚ ਏ ਡੀ ਸੀ ਵਰਿੰਦਰਪਾਲ ਸਿੰਘ ਬਾਜਵਾ ਸਾਹਿਬ ਆਪਣੇ ਅਧਿਕਾਰੀਆਂ ਸਮੇਤ ਪਹੁੰਚੇ। ਜਿੱਥੇ ਉਹਨਾਂ ਨੇ ਪਿੰਡ ਖੋਜੇਵਾਲਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸੰਬੰਧੀ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਓਲ ਤੇ ਪਿੰਡ ਦੇ ਸਰਪੰਚ ਸਿਮਰਨਜੀਤ ਸਿੰਘ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ। ਜਿੱਥੇ ਪਿੰਡ ਵਿਚ ਆਉਣ ਵਾਲੀਆਂ ਸੰਗਤਾਂ ਨੂੰ ਜੋ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬੜੇ ਵਿਸਥਾਰ ਦੇ ਨਾਲ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ।
ਏ ਡੀ ਸੀ ਕਪੂਰਥਲਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੀ ਨੁਹਾਰ ਬਦਲਣ ਵਿੱਚ ਕੋਈ ਕਮੀ ਪੇਸ਼ੀ ਸਹਿਣ ਨਹੀਂ ਕਰ ਰਹੀ। ਉੱਥੇ ਹੀ ਪਿੰਡ ਦੇ ਸਰਪੰਚ ਸਾਹਿਬ ਨੇ ਸਟੇਡੀਅਮ ਸਬੰਧੀ ਵੀ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਪਾਸਟਰ ਦਿਓਲ ਵਲੋਂ ਪਿੰਡ ਵਿੱਚ ਚੱਲ ਰਹੇ ਸੀਵਰੇਜ, ਇੰਟਰਲੋਕ, ਸੜਕਾਂ ਸਬੰਧੀ ਤੇ ਖੋਜੇਵਾਲਾ ਵਿਖੇ ਦੁਨੀਆਂ ਭਰ ਤੋਂ ਆਉਣ ਵਾਲੀਆਂ ਸੰਗਤਾਂ ਦੀਆਂ ਸਹੂਲਤਾਂ ਨੂੰ ਮੱਦੇ ਨਜ਼ਰ ਰੱਖਦਿਆਂ ਪਿੰਡ ਦੇ ਬੱਸ ਸਟੈਂਡ ਬਣਾਉਣ ਸੰਬੰਧੀ ਵੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ।
ਕਪੂਰਥਲਾ ਤੇ ਖੋਜੇਵਾਲਾ ਦੇ ਕਬਰਿਸਤਾਨ ਸੰਬੰਧੀ ਵੀ ਗੱਲਬਾਤ ਹੋਈ। ਏਡੀਸੀ ਨੇ ਦੱਸਿਆ ਕਿ ਮਸੀਹ ਸਮਾਜ ਨੂੰ ਆਉਣ ਵਾਲੀਆਂ ਦਿੱਕਤਾਂ ਸਬੰਧੀ ਵੀ ਸਾਰੇ ਹੱਲ ਬਹੁਤ ਹੀ ਜਲਦੀ ਕੀਤੇ ਜਾਣਗੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਤੇ ਸਾਰੇ ਕੰਮਾਂ ਦਾ ਜਾਇਜਾ ਵੀ ਲਿਆ। ਆਉਣ ਵਾਲੇ ਦਿਨਾਂ ਵਿੱਚ ਖੋਜਵਾਲਾ ਪਿੰਡ ਦੇ ਸਟੇਡੀਅਮ, ਬੱਸ ਸਟੈਂਡ, ਸੜਕਾਂ ਆਦਿ ਬਹੁਤ ਹੀ ਖੂਬਸੂਰਤ ਢੰਗ ਨਾਲ ਨਜ਼ਰ ਆਉਣਗੇ। ਪਿੰਡ ਦੀ ਭਲਾਈ ਤੇ ਸੋਸ਼ਲ ਕੰਮਾਂ ਵਿੱਚ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਓਲ ਜੀ ਦਾ ਕਾਫੀ ਵੱਡਾ ਯੋਗਦਾਨ ਨਜ਼ਰ ਆ ਰਿਹਾ ਹੈ।
ਪਾਸਟਰ ਦਿਓਲ ਨੇ ਦੱਸਿਆ ਕਿ ਸਾਡਾ ਸਪਨਾ ਪਿੰਡ ਖੋਜੇਵਾਲਾ ਨੂੰ ਬਹੁਤ ਹੀ ਖੂਬਸੂਰਤ ਬਣਾਉਣਾ ਹੈ ਕਿਉਂਕਿ ਦੁਨੀਆਂ ਭਰ ਤੋਂ ਲੋਕ ਇੱਥੇ ਵਿਸ਼ੇਸ਼ ਤੌਰ ਤੇ ਪ੍ਰਾਰਥਨਾਵਾਂ ਕਰਨ ਤੇ ਕਰਾਉਣ ਵਾਸਤੇ ਆਉਂਦੇ ਹਨ ਇਸ ਲਈ ਅਸੀਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਪਿੰਡ ਨੂੰ ਬਹੁਤ ਹੀ ਖੂਬਸੂਰਤ ਬਣਾਵਾਂਗੇ ਤੇ ਪਿੰਡ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾਊਗਾ। ਇਸ ਮੌਕੇ ਯੂਥ ਪ੍ਰਧਾਨ ਰਾਜਵਿੰਦਰ ਸਿੰਘ, ਬ੍ਰਦਰ ਸਵੀਨ, ਖੋਜੇਵਾਲਾ ਦੇ ਮੈਡਮ ਪਟਵਾਰੀ, ਜੇ.ਈ ਸਾਹਿਬ ਤੇ ਹੋਰ ਕਈ ਅਧਿਕਾਰੀ ਤੇ ਮੋਹਤਬਰ ਲੋਕ ਵੀ ਮੌਜੂਦ ਸਨ।

