ਕਪੂਰਥਲਾ ( ਗੌਰਵ ਮੜੀਆ ) ਜਿਲਾ ਕਪੂਰਥਲਾ ਦੀ ਢਿਲਵਾਂ ਪੁਲਿਸ ਨੇ ਪਿੰਡ ਢਿਲਵਾਂ ਦੇ ਵਾਸੀ ਕੱਬਡੀ ਖਿਲਾਡੀ ਹਰਦੀਪ ਸਿੰਘ ਉਰਫ਼ ਦੀਪਾ ਦੇ ਕਤਲ ਦੇ ਸਬੰਧ ਵਿਚ 4 ਦੋਸ਼ੀ ਵਿਅਕਤੀਆਂ ਨੂੰ ਗਿਰਫ਼ਤਾਰ ਕਰ ਲਿਆ ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ | ਰਮਨਿੰਦਰ ਸਿੰਘ ਦਿਉਲ ਐਸ.ਪੀ. ਇਨਵੈਸਟੀਗੇਸ਼ਨ ਕਪੂਰਥਲਾ ਨੇ ਪੁਲਿਸ ਲਾਈਨ ਵਿਚ ਕਾਨਫਰੰਸ ਦੌਰਾਨ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਨੇ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੂੰ ਇਸ ਕਤਲ ਵਿਚ ਸ਼ਾਮਲ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਲਈ ਹਦਾਇਤਾਂ ਕੀਤੀਆਂ ਸਨ,
ਜਿਸ ਤਹਿਤ ਉਨ੍ਹਾਂ ਦੀ ਨਿਗਰਾਨੀ ਹੇਠ ਡੀ.ਐਸ.ਪੀ. ਸਬ ਡਵੀਜ਼ਨ ਭਾਰਤ ਭੂਸ਼ਨ ਸੈਣੀ ਤੇ ਥਾਣਾ ਢਿਲਵਾਂ ਮੁਖੀ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਹਰਦੀਪ ਸਿੰਘ ਉਰਫ਼ ਦੀਪਾ ਦੇ ਕਤਲ ਦੇ ਸਬੰਧ 9 ਦੋਸ਼ੀ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਇਨ੍ਹਾਂ ਵਿਚੋਂ 4 ਨੂੰ ਗਿਰਫ਼ਤਾਰ ਕਰ ਲਿਆ ਹੈ |
ਐਸ.ਪੀ. ਨੇ ਦੱਸਿਆ ਕਿ ਗੁਰਨਾਮ ਸਿੰਘ ਵਾਸੀ ਢਿਲਵਾਂ ਨੇ ਥਾਣਾ ਢਿਲਵਾਂ ਪੁਲਿਸ ਕੋਲ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਦਾ ਲੜਕਾ ਹਰਦੀਪ ਸਿੰਘ ਉਰਫ਼ ਦੀਪਾ ਖੇਤੀ ਦਾ ਕੰਮ ਕਰਦਾ ਹੈ ਤੇ ਉਸ ਦਾ ਪਿੰਡ ਦੇ ਹੀ ਲੜਕੇ ਨਾਲ ਝਗੜਾ ਚੱਲਦਾ ਹੈ, ਜਿਸ ਕਰਕੇ ਉਸ ਦੇ ਲੜਕੇ ਖ਼ਿਲਾਫ਼ ਮੁਕੱਦਮੇ ਦਰਜ ਹਨ ਤੇ ਉਹ ਗਿਰਫਤਾਰੀ ਤੋਂ ਡਰਦਾ ਘਰ ਤੋਂ ਬਾਹਰ ਹੀ ਰਹਿੰਦਾ ਹੈ ਐਸ.ਪੀ. ਨੇ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ ਬੀਤੀ 19 ਸਤੰਬਰ ਨੂੰ ਉਸ ਦਾ ਲੜਕਾ ਕਾਫ਼ੀ ਦਿਨਾਂ ਬਾਅਦ ਲਗਭਗ 5 ਵਜੇ ਘਰ ਆਇਆ ਤੇ ਘਰੋਂ ਬੈਂਕ ਦੀ ਕਾਪੀ ਲੈ ਕੇ ਚਲਾ ਗਿਆ ਤੇ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਪਿੰਡ ਬੂਟਾਂ ਤੋਂ ਸੁਭਾਨਪੁਰ ਵੱਲ ਆ ਰਿਹਾ ਸੀ ਤਾਂ ਕਥਿਤ ਦੋਸ਼ੀਆਂ ਨੇ ਫ਼ੋਨ ਕਰਕੇ ਦੱਸਿਆ ਕਿ ਹਰਦੀਪ ਸਿੰਘ ਉਰਫ਼ ਦੀਪਾ ਬੂਟਾ ਪਿੰਡ ਤੋਂ ਬਾਹਰ ਨਿਕਲਿਆ ਹੈ |
ਰਮਨਿੰਦਰ ਸਿੰਘ ਦਿਉਲ ਨੇ ਦੱਸਿਆ ਕਿ ਇਹ ਸੂਚਨਾ ਮਿਲਣ ‘ਤੇ ਕਥਿਤ ਦੋਸ਼ੀ ਨੇ ਆਪਣੇ ਸਾਥੀਆਂ ਸਮੇਤ ਸਕਾਰਪਿਓ ਗੱਡੀ ਲੈ ਕੇ ਨਿਕਲਿਆ ਤੇ ਉਸ ਨੇ ਹਰਦੀਪ ਸਿੰਘ ਉਰਫ਼ ਦੀਪਾ ਨੂੰ ਫੇਟ ਮਾਰੀ ਤੇ ਉਹ ਹੇਠਾਂ ਡਿਗ ਪਿਆ ਤੇ ਭੱਜ ਕੇ ਝੋਨੇ ਦੇ ਖੇਤਾਂ ਵਿਚ ਜਾ ਵੜਿਆ | ਇਸੇ ਦੌਰਾਨ ਹੀ ਦੋਸ਼ੀਆਂ ਨੇ ਹਰਦੀਪ ਸਿੰਘ ਉਰਫ਼ ਦੀਪਾ ਨੂੰ ਲੱਭ ਕੇ ਸੜਕ ‘ਤੇ ਲਿਆ ਕੇ ਕਥਿਤ ਤੌਰ ‘ਤੇ ਉਸ ਦੇ ਸੱਟਾਂ ਮਾਰੀਆਂ ਤੇ ਬਾਅਦ ਵਿਚ ਆਪਣੀ ਮੋਟਰ ‘ਤੇ ਲਿਜਾ ਕੇ ਉਸ ਨੂੰ ਕਥਿਤ ਤੌਰ ‘ਤੇ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਉਸ ਦੇ ਘਰ ਦੇ ਬਾਹਰ ਚੌਂਕ ਵਿਚ ਸੁੱਟ ਦਿੱਤਾ | ਪੁਲਿਸ ਵਲੋਂ ਗਿਰਫ਼ਤਾਰ ਕੀਤੇ ਚਾਰ ਕਥਿਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ

