ਮਰੀਜ਼ਾਂ ਦੀ ਜਾਂਚ ਕਰ ਦਵਾਈਆਂ ਦੀ ਕੀਤੀ ਗਈ ਵੰਡ
ਕਪੂਰਥਲਾ ( ਗੌਰਵ ਮੜੀਆ ) ਹਲਕਾ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਇਲਾਕੇ ਮੰਡ ਬਾਊਪੁਰ ਅਧੀਨ ਆਉਂਦੇ ਪਿੰਡ ਰਾਮਪੁਰ ਗੋਰੇ ਵਿਖੇ ਜਮੀਅਤ ਉਲਮਾ ਹਿੰਦ ਆਲ ਇੰਡੀਆ ਦੇ ਪ੍ਰਧਾਨ ਮੌਲਾਨਾ ਸਾਈਯਦ ਅਰਸ਼ਦ ਮਦਨੀ ਅਮੀਰਉਲ ਹਿੰਦ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ, ਹਿਮਾਚਲ ਤੇ ਚੰਡੀਗੜ੍ਹ ਦੇ ਪ੍ਰਧਾਨ ਮੌਲਾਨਾ ਹਕੀਮੂਦੀਨ, ਉਪ ਪ੍ਰਧਾਨ ਮੁਫਤੀ ਮੁਹੰਮਦ ਖਲੀਲ ਕਾਸਮੀ ਤੇ ਜਨਰਲ ਸਕੱਤਰ ਕਾਰੀ ਇਲਿਆਸ ਕਾਸਮੀ ਦੀ ਸਰਪਰਸਤੀ ਹੇਠ ਲੁਧਿਆਣਾ ਦੇ ਪ੍ਰਧਾਨ ਕਾਰੀ ਮੁਹੰਮਦ ਗਯੂਰ, ਜਿਲਾ ਜਨਰਲ ਸਕੱਤਰ ਹਾਜੀ ਸਰਬਰ ਗੁਲਾਮ ਸੱਬਾ ਤੇ ਕਪੂਰਥਲਾ ਦੇ ਪ੍ਰਧਾਨ ਮੌਲਾਨਾ ਅਮਾਨੁਲਾ ਦੀ ਅਗਵਾਈ ਵਿੱਚ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਅਤੇ ਲੋੜਵੰਦ ਮਰੀਜ਼ਾਂ ਦੀ ਜਾਂਚ ਕਰਕੇ ਉਹਨਾਂ ਨੂੰ ਮੌਕੇ ਤੇ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਜੀ ਸਰਬਰ ਗੁਲਾਮ ਸੱਬਾ ਨੇ ਦੱਸਿਆ ਕਿ ਹੜ ਦਾ ਪਾਣੀ ਭਾਵੇਂ ਹੌਲੀ ਹੌਲੀ ਉਤਰ ਰਿਹਾ ਹੈ ਪਰ ਇਸ ਦੌਰਾਨ ਲੋਕਾਂ ਨੂੰ ਐਲਰਜੀ ਅਤੇ ਹੋਰ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ ਜਿਸ ਨੂੰ ਮੁੱਖ ਰੱਖਦਿਆਂ ਇਹ ਮੈਡੀਕਲ ਕੈਂਪ ਲਗਾਇਆ ਗਿਆ ਹੈ। ਉਹਨਾਂ ਇਸ ਕੈਂਪ ਦੌਰਾਨ ਹਾਜ਼ਰ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਜਿਸਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਸਮੇਂ ਆਰਥਿਕ ਪੱਖੋਂ ਵੀ ਸੱਟ ਵੱਜੀ ਹੈ ਜਿਸ ਕਾਰਨ ਉਹ ਆਪਣੇ ਬੱਚਿਆਂ ਦੀਆਂ ਫੀਸਾਂ ਆਦਿ ਉਤਾਰਨ ਤੋਂ ਅਸਮਰਥ ਹਨ। ਕੁਝ ਕਿਸਾਨਾਂ ਨੇ ਖੇਤਾਂ ਵਿੱਚ ਪਈ ਰੇਤ ਤੋਂ ਵੀ ਜਾਣੂ ਕਰਵਾਇਆ ਜਿਸ ਤੇ ਉਹਨਾਂ ਨੇ ਭਰੋਸਾ ਦਵਾਇਆ ਕਿ ਉਹ ਮੁੜ ਜਲਦੀ ਹੀ ਆਉਣਗੇ ਅਤੇ ਜਿੱਥੇ ਲੋਕਾਂ ਦੀ ਆਰਥਿਕ ਪੱਖੋਂ ਮਦਦ ਕੀਤੀ ਜਾਵੇਗੀ
ਉਥੇ ਹੀ ਕਿਸਾਨਾਂ ਨੂੰ ਮਿੱਟੀ ਚੁੱਕਣ ਵਾਸਤੇ ਡੀਜ਼ਲ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਮੈਡੀਕਲ ਚੈੱਕਅਪ ਕੈਂਪ ਦੌਰਾਨ ਡਾਕਟਰ ਅਰਸ਼ਦ, ਡਾਕਟਰ ਅਬਦੁਲ ਬਾਸਿਤ ਸ਼ਾਮਲੀ, ਡਾਕਟਰ ਫਰੀਦ ਮਨਸੂਰੀ ਨੇ ਮਰੀਜਾਂ ਦੀ ਜਾਂਚ ਕੀਤੀ ਤੇ ਦਵਾਈਆਂ ਦਿੱਤੀਆਂ। ਇਸ ਮੌਕੇ ਜਮੀਅਤ ਉਲਮਾ ਹਿੰਦ ਦੀ ਫਗਵਾੜਾ ਤੋਂ ਸਕੱਤਰ ਫਿਰੋਜ਼ ਸੈਫੀ, ਮੌਲਾਨਾ ਨਸੀਮ ਕਾਸਮੀ, ਕਾਰੀ ਮੁਹੰਮਦ ਇਨਾਮੁਲ ਹਸਨ ਸਿਦੀਕੀ, ਤੁਸ਼ਾਰ ਮਲਿਕ, ਮਨਸੂਰ ਅਲੀ ਆਦਿ ਹਾਜ਼ਰ ਸਨ।

