ਜਲੰਧਰ (16 ਸਤੰਬਰ 2025): ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦੇ ਹੁਕਮਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਪਾਣੀ ਦਾ ਪੱਧਰ ਵਧਣ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਜਲੰਧਰ ਲਗਾਤਾਰ ਯਤਨਸ਼ੀਲ ਹੈ। ਇਸਦੇ ਮੱਦੇਨਜਰ ਸਿਵਲ ਸਰਜਨ ਡਾ. ਰਮਨ ਗੁਪਤਾ ਦੀ ਅਗਵਾਈ ਹੇਠ ਜਿਲ੍ਹਾ ਜਲੰਧਰ ਅਧੀਨ ਪ੍ਰਭਾਵਿਤ ਪਿੰਡਾਂ ਵਿੱਚ 3 ਦਿਨਾਂ ਲਈ 14 ਸਤੰਬਰ 2025 ਦਿਨ ਐਤਵਾਰ ਤੋਂ 16 ਸਤੰਬਰ 2025 ਦਿਨ ਮੰਗਲਵਾਰ ਤੱਕ 84 ਪਿੰਡਾਂ ਵਿੱਚ 84 ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਗਏ। ਜਿਕਰਯੋਗ ਹੈ ਕਿ ਜਿਲ੍ਹੇ ਦੇ ਬਲਾਕ ਸ਼ਾਹਕੋਟ, ਲੋਹੀਆਂ, ਕਰਤਾਰਪੁਰ, ਕਾਲਾ ਬਕਰਾ, ਆਦਮਪੁਰ, ਮਹਿਤਪੁਰ ਅਤੇ ਨਕੋਦਰ ਵਿਚ ਭਾਰੀ ਅਤੇ ਲਗਾਤਾਰ ਬਾਰਸ਼ ਕਾਰਨ ਬੇਈਂ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਨਾਲ ਲੱਗਦੇ 84 ਪਿੰਡ ਪ੍ਰਭਾਵਿਤ ਹੋਏ ਹਨ।
ਸਿਵਲ ਸਰਜਨ ਡਾ. ਰਮਨ ਗੁਪਤਾ ਵੱਲੋਂ ਮੌਕੇ ਤੇ ਜਾ ਕੇ ਮੈਡੀਕਲ ਕੈਂਪਾਂ ਦੀ ਸੁਪਰਵਿਜ਼ਨ ਵੀ ਕੀਤੀ ਗਈ ਅਤੇ ਮੈਡੀਕਲ ਟੀਮਾਂ ਅਤੇ ਸਿਹਤ ਸਟਾਫ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਵੀ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਜਲੰਧਰ ਵੱਲੋਂ ਲਗਾਏ ਜਾ ਰਹੇ ਇਨ੍ਹਾਂ ਮੈਡੀਕਲ ਕੈਂਪਾਂ ਵਿੱਚ ਮੈਡੀਕਲ ਅਫਸਰ, ਸਟਾਫ ਨਰਸਾਂ, ਫਾਰਮਾਸਿਸਟਾਂ ਅਤੇ ਪੈਰਾ-ਮੈਡੀਕਲ ਸਟਾਫ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ। ਇਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ ਮੁਫ਼ਤ ਇਲਾਜ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਸਿਹਤ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਵੱਲੋਂ ਵੀ ਸਬੰਧਤ ਖੇਤਰ ਵਿੱਚ ਘਰ-ਘਰ ਸਰਵੇ ਕੀਤਾ ਜਾ ਰਿਹਾ ਹੈ, ਸਰਵੇ ਦੌਰਾਨ ਹਰ ਘਰ ਨੂੰ ਮੈਡੀਕਲ ਕਿਟ ਦਿੱਤੀ ਜਾ ਰਹੀ ਹੈ ਜਿਸ ਵਿੱਚ ਪੈਰਾਸਿਟਾਮੋਲ ਦੀ ਇੱਕ ਸਟ੍ਰਿਪ, ਸਿਟਰਾਜ਼ਿਨ, ਡੈਟੋਲ ਸਾਬਣ, ਐਂਟੀਫੰਗਲ ਕਰੀਮ, ਜੀ.ਵੀ. ਪੇਂਟ, ਬੈਂਡ-ਏਡ ਅਤੇ ਓਡੋਮੋਸ ਸ਼ਾਮਲ ਹਨ।
ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਸਰਵੇ ਦੌਰਾਨ ਸਿਹਤ ਟੀਮਾਂ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਪਾਣੀ ਖੜ੍ਹਾ ਹੋਣ ਨਾਲ ਮੱਛਰਾਂ ਅਤੇ ਕਈ ਕੀੜੇ-ਮਕੌੜਿਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਲਈ ਘਰਾਂ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਪੀਣ ਵਾਲਾ ਪਾਣੀ ਢੱਕ ਕੇ ਰੱਖਿਆ ਜਾਵੇ, ਖਾਣ-ਪੀਣ ਦੀਆਂ ਚੀਜ਼ਾਂ ਨੂੰ ਸਾਫ਼-ਸੁਥਰਾ ਰੱਖਿਆ ਜਾਵੇ ਅਤੇ ਲੋੜ ਪੈਣ ‘ਤੇ ਤੁਰੰਤ ਮੈਡੀਕਲ ਮਦਦ ਲਈ ਸੰਪਰਕ ਕੀਤਾ ਜਾਵੇ। ਲੋਕਾਂ ਨੂੰ ਡੇਂਗੂ, ਮਲੇਰੀਆ, ਚਿਕਨਗੁਨੀਆ ਅਤੇ ਹੋਰ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
ਡਾ. ਰਮਨ ਗੁਪਤਾ ਨੇ ਦੱਸਿਆ ਕਿ ਅੱਜ ਬੁਧਵਾਰ ਨੂੰ ਵਿਸ਼ੇਸ਼ ਮੈਡੀਕਲ ਕੈਂਪ ਦੌਰਾਨ 1455 ਮਰੀਜ਼ ਰਜਿਸਟਰ ਕੀਤੇ ਗਏ ਹਨ ਅਤੇ ਸਾਡੀਆਂ ਟੀਮਾਂ ਦੁਆਰਾ 4419 ਘਰਾਂ ਦਾ ਦੌਰਾ ਕੀਤਾ ਗਿਆ ਹੈ ਅਤੇ 54 ਪਿੰਡਾਂ ਵਿੱਚ ਫੋਗਿੰਗ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਵਾਟਰ ਬੋਰਨ ਅਤੇ ਵੈਕਟਰ ਬੋਰਨ ਡਿਜੀਜ਼ ਤੋਂ ਬਚਾਅ ਲਈ ਪ੍ਰਭਾਵਿਤ ਇਲਾਕਿਆਂ ਵਿੱਚ 21 ਦਿਨਾਂ ਤੱਕ ਡੇਂਗੂ ਮੱਛਰਾਂ ਦੇ ਲਾਰਵੇ ਦੀ ਸ਼ਨਾਖਤ ਅਤੇ ਫਾਗਿੰਗ ਮਨਰੇਗਾ ਮਜ਼ਦੂਰਾਂ ਨਾਲ ਮਿਲ ਕੇ ਕਰਵਾਈ ਜਾ ਰਹੀ ਹੈ।