ਜਲੰਧਰ : ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਸਿਵਲ ਸਰਜਨ ਡਾ. ਰਮਨ ਸ਼ਰਮਾ ਦੀ ਅਗਵਾਈ ਹੇਠ ਜਿਲ੍ਹੇ ਭਰ ਵਿਚ ਯੋਗ ਲਾਭਪਾਤਰੀਆਂ ਦੇ ਆਯੂਸਮਾਨ ਭਾਰਤ ਦੇ ਕਾਰਡ ਬਣਾਏ ਜਾ ਰਹੇ ਹਨ। ਇਸ ਸੰਬੰਧੀ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋ ਆਯੂਸਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੇ ਕਾਰਡ ਬਣਾਉਣ ਵਿਚ ਵਾਧਾ ਕਰਨ ਦੇ ਮਕਸਦ ਨਾਲ ਇਕ ਦਿਵਾਲੀ ਬੰਪਰ ਡਰਾਅ ਕੱਢਿਆ ਜਾ ਰਿਹਾ ਹੈ।
ਜਿਸ ਤਹਿਤ 16 ਅਕਤੂਬਰ ਤੋ 30 ਨਵੰਬਰ 2023 ਤੱਕ ਕਾਰਡ ਬਣਵਾਉਣ ਵਾਲੇ ਸਾਰੇ ਲਾਭਪਾਤਰੀਆਂ ਵਿਚੋਂ ਲੱਕੀ ਡਰਾਅ ਦੇ ਜਰੀਏ 10 ਲੋਕਾਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਜਿਸ ਵਿੱਚ ਪਹਿਲਾ ਇਨਾਮ ਇਕ ਲੱਖ ਰੁਪਏ, ਦੂਜਾ ਇਨਾਮ ਪੰਜਾਹ ਹਜ਼ਾਰ ਰੁਪਏ, ਤੀਜਾ ਇਨਾਮ 25 ਹਜ਼ਾਰ ਰੁਪਏ, ਚੌਥਾ ਇਨਾਮ 10 ਹਜ਼ਾਰ ਰੁਪਏ, ਪੰਜਵਾਂ ਇਨਾਮ ਅੱਠ ਹਜ਼ਾਰ ਰੁਪਏ ਅਤੇ 6ਵੇਂ ਤੋ 10ਵੇਂ ਇਨਾਮ ਤੱਕ ਸਾਰੇ ਜੇਤੂਆਂ ਨੂੰ ਪੰਜ-ਪੰਜ ਹਜਾਰ ਰੁਪਏ ਦਿੱਤੇ ਜਾਣਗੇ।
ਉਨਾਂ ਦੱਸਿਆ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਹਰ ਇੱਕ ਲਾਭਪਾਤਰੀ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕੀਤੀ ਜਾਂਦੀ ਹੈ। ਇਹ ਡਰਾਅ ਪੰਜਾਬ ਸਰਕਾਰ ਵੱਲੋਂ ਦੀਵਾਲੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ‘ਤੇ 4 ਦਸੰਬਰ ਨੂੰ ਕੱਢਿਆ ਜਾਵੇਗਾ।
ਇਹਨਾਂ ਕਾਰਡਾਂ ਦੇ ਲਾਭਪਾਤਰੀਆਂ ਸ਼੍ਰੇਣੀਆਂ ਵਿੱਚ ਐਨ.ਐਫ.ਐਸ.ਏ. ਰਾਸ਼ਨ ਕਾਰਡ ਧਾਰਕ, ਜੇ ਫਾਰਮ ਧਾਰਕ ਕਿਸਾਨ, ਰਜਿਸਟਰਡ ਮਜਦੂਰ, ਰਜਿਸਟਰਡ ਛੋਟੇ ਵਪਾਰੀ, ਪੀਲੇ ਕਾਰਡ ਧਾਰਕ ਪੱਤਰਕਾਰ ਅਤੇ ਐਸ.ਈ.ਸੀ.ਸੀ. ਆਦਿ ਸ਼ਾਮਲ ਹਨ। ਉਨਾਂ ਦੱਸਿਆ ਕਿ ਇਹ ਕਾਰਡ ਵੈਬਸਾਈਟhttps://beneficiary.nha.gov.in
ਅਤੇ Ayushman App ਦੇ ਰਾਹੀਂ ਖੁੱਦ ਵੀ ਘਰ ਬੈਠੇ ਬਣਾਇਆ ਜਾ ਸਕਦਾ ਹੈ ਜਾਂ ਨਜਦੀਕੀ ਆਸ਼ਾ ਵਰਕਰਾਂ/ ਸੂਚੀਬੱਧ ਹਸਪਤਾਲਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਵੈਬਸਾਈਟ www.sha.punjab.gov.in ਤੋਂ ਅਤੇ ਹੈਲਪਲਾਈਨ ਨੰਬਰ 14555 ਡਾਈਲ ਕਰਕੇ ਲਈ ਜਾ ਸਕਦੀ ਹੈ। ਲਾਭਪਾਤਰੀ ਪਰਿਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਪਰਿਵਾਰ ਦੇ ਹਰ ਵਿਅਕਤੀ ਦਾ ਆਪਣਾ ਵੱਖਰਾਂ-ਵੱਖਰਾਂ ਕਾਰਡ ਸਮਾਂ ਰਹਿੰਦਿਆਂ ਬਣਵਾ ਲੈਣ ਤਾਂ ਜੋ ਹਸਪਤਾਲ ਵਿੱਚ ਦਾਖਿਲ ਹੋਣ ਦੀ ਸੂਰਤ ਵਿੱਚ ਲੋੜ ਪੈਣ ਤੇ ਇਸ ਯੋਜਨਾਂ ਦਾ ਲਾਭ ਬਿਨਾਂ ਕਿਸੇ ਪਰੇਸ਼ਾਨੀ ਤੋਂ ਲਿਆ ਜਾ ਸਕੇ।
ਜਿਲ੍ਹਾ ਜਲੰਧਰ ਵਿੱਚ ਹੁਣ ਤੱਕ 6,44,462 ਯੋਗ ਲਾਭਪਾਤਰੀਆਂ ਦੇ ਆਯੂਸ਼ਮਾਨ ਭਾਰਤ ਦੇ ਕਾਰਡ ਬਣ ਚੁੱਕੇ ਹਨ। ਜਿਲ੍ਹਾ ਜਲੰਧਰ ਵਿੱਚ ਇਸ ਵੇਲੇ 13 ਸਰਕਾਰੀ ਅਤੇ 59 ਨਿੱਜੀ ਸੂਚੀਬੱਧ ਹਸਪਤਾਲ ਇਸ ਯੋਜਨਾ ਅਧੀਨ ਕਾਰਜਸ਼ੀਲ ਹਨ। ਜਿਨ੍ਹਾਂ ਵਿੱਚ ਦਾਖਲ ਹੋਣ ਉਪਰੰਤ ਕਾਰਡ ਹੋਲਡਰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਉਠਾ ਰਹੇ ਹਨ।
ਹੁਣ ਤੱਕ 34,029 ਕਾਰਡ ਹੋਲਡਰਾਂ ਵੱਲੋਂ ਸਰਕਾਰੀ ਹਸਪਤਾਲਾਂ ਅਤੇ 1,22,697 ਕਾਰਡ ਹੋਲਡਰਾਂ ਵੱਲੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਇਸ ਯੋਜਨਾ ਦਾ ਲਾਭ ਲਿਆ ਜਾ ਚੁੱਕਾ ਹੈ। ਹੁਣ ਤੱਕ ਕੁੱਲ 1,56,726 ਕਾਰਡ ਹੋਲਡਰਸ ਵੱਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਲਿਆ ਜਾ ਚੁੱਕਾ ਹੈ।

