ਕਪੂਰਥਲਾ ( ਗੌਰਵ ਮੜੀਆ ) ” ਜਿਲਾ ਕਪੂਰਥਲਾ ਦੇ ਥਾਣਾ ਕਬੀਰਪੁਰ ਅਧੀਨ ਪੈਂਦੇ ਪਿੰਡ ਹੁਸੈਨਪੁਰ ਬੂਲੇ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਜਰਨੈਲ ਸਿੰਘ ਪੁੱਤਰ ਮਹਿੰਦਰ ਸਿੰਘ ਹੁਸੈਨਪੁਰ ਬੂਲੇ ਨੇ ਸਵੇਰੇ 11 ਵਜੇ ਦੇ ਕਰੀਬ ਦੱਸਿਆ ਕਿ ਉਹਨਾਂ ਦਾ ਭਾਣਜਾ ਬਲਵੀਰ ਸਿੰਘ ਪੁੱਤਰ ਰੇਸ਼ਮ ਸਿੰਘ ਨੂੰ ਬੀਤੀ ਰਾਤ ਕੁਝ ਵਿਅਕਤੀਆਂ ਨੇ ਫੋਨ ਕਰਕੇ ਬਾਹਰ ਬੁਲਾਇਆ ਅਤੇ ਉਹ ਰਾਤ ਭਰ ਘਰ ਵਾਪਸ ਨਹੀਂ ਪਹੁੰਚਿਆ। ਅਸੀਂ ਸਵੇਰ ਸਾਰ ਉਸ ਦੀ ਕਈ ਥਾਵਾਂ ਤੇ ਭਾਲ ਕੀਤੀ ਪਰ ਕਿਤੇ ਨਾ ਮਿਲਿਆ।
ਉਪਰੰਤ ਸਾਨੂੰ ਕਿਸੇ ਵਿਅਕਤੀ ਨੇ ਫੋਨ ਤੇ ਜਾਣਕਾਰੀ ਦਿੱਤੀ ਕਿ ਮੋਟਰ ਤੇ ਕਿਸੇ ਵਿਅਕਤੀ ਦੀ ਲਾਸ਼ ਪਈ ਹੈ ਜਦ ਅਸੀਂ ਮੋਟਰ ਤੇ ਜਾ ਕੇ ਵੇਖਿਆ ਤਾਂ ਬਲਵੀਰ ਸਿੰਘ ਦੀ ਖੂਨ ਨਾਲ ਲੱਥ ਪੱਥ ਹੋਈ ਪਈ ਲਾਸ਼ ਮਿਲੀ। ਅਸੀਂ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਮੌਕੇ ਨਿਰਮਲ ਸਿੰਘ ਮੱਲ ਨੇ ਦੱਸਿਆ ਕਿ ਬਲਬੀਰ ਸਿੰਘ ਦੇ ਦੋ ਬੇਟੇ ਹਨ ਇੱਕ ਯੂਕੇ ਵਿੱਚ ਹੈ ਅਤੇ ਦੂਜਾ ਬੇਟਾ ਫੌਜ ਵਿੱਚ ਹੈ। ਇਸ ਵਕਤ ਉਨਾਂ ਦੀ ਨੂੰਹ,ਪੋਤਰਾ ਅਤੇ ਬਲਬੀਰ ਸਿੰਘ ਖੁਦ ਘਰ ਵਿੱਚ ਰਹਿੰਦੇ ਸਨ। ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਨਗਰ ਨਿਵਾਸੀਆਂ ਪੁਲਿਸ ਪ੍ਰਸ਼ਾਸਨ ਤੋਂ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ ਤਾਂ ਜੋ ਕਤਲ ਕਰਨ ਵਾਲੇ ਵਿਅਕਤੀਆਂ ਦਾ ਪਤਾ ਲਗਾਇਆ ਜਾ ਸਕੇ। ਜਾਣਕਾਰੀ ਮਿਲਣ ਉਪਰੰਤ ਮੌਕੇ ਤੇ ਸਬ ਡਿਵੀਜ਼ਨ ਥਾਣਾ ਸੁਲਤਾਨਪੁਰ ਲੋਧੀ ਡੀਐਸਪੀ ਅਤੇ ਐਸਐਚਓ ਥਾਣਾ ਕਬੀਰਪੁਰ ਪਹੁੰਚੇ ਅਤੇ ਇਸ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ।

