ਈਦਗਾਹ ਵਿਚ ਨਮਾਜ਼ ਸਵੇਰੇ 9.30 ਵਜੇ ਤੇ ਬੀਬੀ ਪੀਰੋਂਵਾਲੀ ਮਸਜਿਦ ਵਿਚ 9 ਵਜੇ ਹੋਵੇਗੀ.
ਕਪੂਰਥਲਾ(ਗੌਰਵ ਮੜੀਆ )-ਪਵਿੱਤਰ ਰਮਜ਼ਾਨ ਮਹੀਨੇ ਦੇ ਆਖ਼ਰੀ ਸ਼ੁੱਕਰਵਾਰ ਅੱਜ ਮੁਸਲਿਮ ਭਾਈਚਾਰੇ ਵੱਲੋਂ ਮੋਰਿਸ਼ ਮਸਜਿਦ ਵਿਚ ਅਲਵਿਦਾ ਦੀ ਨਮਾਜ਼ ਅਤਾ ਕੀਤੀ ਗਈ | ਨਮਾਜ਼ ਮੋਰਿਸ਼ ਮਸਜਿਦ ਦੇ ਇਮਾਮ ਹਾਫ਼ਿਜ਼ ਸ਼ੌਕਤ ਅਲੀ ਨੇ ਪੜ੍ਹਾਈ | ਇਸਤੋਂ ਪਹਿਲਾਂ ਸੈਂਕੜਿਆਂ ਦੀ ਗਿਣਤੀ ਵਿਚ ਨਮਾਜ਼ ਪੜ੍ਹਨ ਆਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਪੂਰਥਲਾ ਦੇ ਸ਼ਾਹੀ ਇਮਾਮ ਮੌਲਵੀ ਅਬਦੁਲ ਹਮੀਦ ਨੇ ਕਿਹਾ ਇਹ ਪਵਿੱਤਰ ਰਮਜ਼ਾਨ ਦਾ ਮਹੀਨਾ ਬਹੁਤ ਹੀ ਬਰਕਤਾਂ ਵਾਲਾ ਹੈ ਪਰ ਹੁਣ ਇਹ ਆਪਣੇ ਆਖ਼ਰੀ ਪੜਾਅ ‘ਤੇ ਹੈ | ਰਮਜ਼ਾਨ ਮਹੀਨੇ ਦੇ ਖ਼ਤਮ ਹੁੰਦੇ ਹੀ ਈਦ ਦੀ ਨਮਾਜ਼ ਸਵੇਰੇ 9.30 ਵਜੇ ਬੱਸ ਸਟੈਂਡ ਨਜ਼ਦੀਕ ਈਦਗਾਹ ਵਿਚ ਪੜ੍ਹਾਈ ਜਾਵੇਗੀ |
ਉਨ੍ਹਾਂ ਕਿਹਾ ਕਿ ਕਲੰਡਰਾਂ ਮੁਤਾਬਿਕ ਈਦ 11 ਅਪ੍ਰੈਲ ਦੀ ਹੈ ਪ੍ਰੰਤੂ ਚੰਦ ਦੇਖਣ ਉਪਰੰਤ ਹੀ ਈਦ ਮਨਾਈ ਜਾਵੇਗੀ | ਇਸਤੋਂ ਇਲਾਵਾ ਉਨ੍ਹਾਂ ਨਮਾਜ਼ ਪੜ੍ਹਨ ਆਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਨਮਾਜ਼ ਕਾਇਮ ਕਰਨ ਤੇ ਕੁਰਾਨ ਸ਼ਰੀਫ਼ ਨੂੰ ਪੜ੍ਹਣ ਦੇ ਫਈਦਿਆਂ ਬਾਰੇ ਵੀ ਦੱਸਿਆ | ਉਨ੍ਹਾਂ ਇਹ ਵੀ ਕਿਹਾ ਇਸ ਵਾਰ ਫਿਤਰੇ ਦੀ ਰਕਮ ਪਰ ਵਿਅਕਤੀ 50 ਰੁਪਏ ਹੈ | ਜੋ ਕਿ ਈਦ ਦੀ ਨਮਾਜ਼ ਤੋਂ ਪਹਿਲਾਂ ਅਦਾ ਕਰਨਾ ਚਾਹੀਦਾ ਹੈ | ਬੀਬੀ ਪੀਰੋਂਵਾਲੀ ਮਸਜਿਦ ‘ਚ 9.00 ਵਜੇ ਹੋਵੇਗੀ ਨਮਾਜ਼ ਇਸੇ ਤਰ੍ਹਾਂ ਈਦ ਦੇ ਤਿਉਹਾਰ ਸਬੰਧੀ ਅੰਮਿ੍ਤਸਰ ਰੋਡ ‘ਤੇ ਸਥਿਤ ਮਸਜਿਦ ਬੀਬੀ ਪੀਰੋਂਵਾਲੀ ‘ਚ ਚੰਨ ਦੇਖਣ ਉਪਰੰਤ ਈਦ ਦੀ ਨਮਾਜ਼ ਸਵੇਰੇ 9.00 ਵਜੇ ਮੌਲਵੀ ਇਮਾਨੁੱਲਾ ਵੱਲੋਂ ਪੜ੍ਹਾਈ ਜਾਵੇਗੀ |

