ਕਪੂਰਥਲਾ 3 ਨਵੰਬਰ (ਗੌਰਵ ਮੜੀਆ) ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਅੱਜ ਵੀ ਹਰੇਕ ਐਤਵਾਰ ਦੀ ਤਰ੍ਹਾਂ ਬਹੁਤ ਹੀ ਪ੍ਰਭਾਵਸ਼ਾਲੀ ਪ੍ਰਾਰਥਨਾ ਸਭਾ ਹੋਈ। ਜਿਸ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹੁੰਮ ਹੁਮਾ ਕੇ ਭਾਗ ਲਿਆ। ਅੱਜ ਸੰਗਤਾਂ ਵਿੱਚ ਇੱਕ ਵੱਖਰਾ ਹੀ ਉਤਸਾਹ ਵੇਖਣ ਵਿੱਚ ਆਇਆ। ਕਿਉਂਕਿ ਇਕ ਇਤਿਹਾਸਿਕ ਹੋਣ ਜਾ ਰਹੇ ਦ ਓਪਨ ਚਰਚ ਖੋਜੇਵਾਲ ਵਿੱਚ 6 ਨਵੰਬਰ ਨੂੰ ਕ੍ਰਿਸਮਿਸ ਮਸੀਹ ਮੇਲਾ ਮਹਾ ਅਨੰਦ ਦਾ ਉਤਸਵ ਪੂਰੇ ਭਾਰਤ ਲੈਵਲ ਦਾ ਜੋ ਮਨਾਇਆ ਜਾ ਰਿਹਾ ਹੈ। ਉਸ ਮੇਲੇ ਵਿੱਚ ਸੇਵਾਵਾਂ ਨਿਭਾਉਣ ਲਈ ਸੰਗਤਾਂ ਵਿੱਚ ਆਪਣੀ ਆਪਣੀ ਡਿਊਟੀਆਂ ਲਗਾਉਣ ਲਈ ਬਹੁਤ ਹੀ ਉਤਸਾਹ ਵੇਖਿਆ ਗਿਆ।

ਪ੍ਰਾਰਥਨਾ ਸਭਾ ਦੇ ਆਰੰਭ ਵਿੱਚ ਦ ਓਪਨ ਡੋਰ ਚਰਚ ਦੀ ਵਰਸ਼ਿਪ ਟੀਮ ਨੇ ਪ੍ਰਭੂ ਪ੍ਰੇਮ ਨਾਲ ਭਰੇ ਗੀਤ ਭਜਨ ਗਾ ਕੇ ਸੰਗਤਾਂ ਵਿੱਚ ਪ੍ਰਭੂ ਪ੍ਰੇਮ ਦਾ ਅੰਮ੍ਰਿਤ ਰਸ ਪੈਦਾ ਕਰ ਦਿੱਤਾ। ਸੰਗਤਾਂ ਨੇ ਵੀ ਪ੍ਰਭੂ ਪ੍ਰੇਮ ਵਿੱਚ ਝੂਮ ਝੂਮ ਕੇ ਆਨੰਦ ਮਾਣਿਆ। ਉਪਰੰਤ ਜਿਨਾਂ ਵੀ ਪ੍ਰਾਣੀਆਂ ਦੀ ਜ਼ਿੰਦਗੀ ਵਿੱਚ ਪਰਮੇਸ਼ਵਰ ਜੀ ਦੇ ਰਹਿਮ ਨਾਲ ਬਦਲਾਵ ਆਇਆ ਉਹਨਾਂ ਨੇ ਮਾਈਕ ਤੇ ਆ ਕੇ ਸਾਰੀਆਂ ਸੰਗਤਾਂ ਨੂੰ ਦੱਸਿਆ।ਅੱਜ ਸਟੇਜ ਤੋਂ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਸੰਗਤਾਂ ਨੂੰ ਪਵਿੱਤਰ ਬਾਈਬਲ ਵਿੱਚੋਂ ਪ੍ਰਵਚਨ ਕਰਦਿਆਂ ਕਿਹਾ ਕਿ ਵਿਖਾਵੇ ਦੇ ਮਸੀਹ ਬਣ ਕੇ ਆਪਣੇ ਆਪ ਨੂੰ ਧੋਖਾ ਨਾ ਦਿਓ।

ਤੁਸੀਂ ਸਾਰੇ ਚਾਹੁੰਦੇ ਹੋ ਕਿ ਪ੍ਰਭੂ ਸਾਡੀ ਪੁਕਾਰ ਸੁਣੇ ਪਰ ਤੁਸੀਂ ਖੁਦ ਪਰਮੇਸ਼ਵਰ ਜੀ ਦੀ ਇੱਕ ਗੱਲ ਵੀ ਸੁਣਨ ਲਈ ਤਿਆਰ ਨਹੀਂ। ਕਿਉਂਕਿ ਅਜੇ ਤੱਕ ਤੁਹਾਨੂੰ ਮਸੀਹ ਸ਼ਬਦ ਦਾ ਗਿਆਨ ਤੱਕ ਨਹੀਂ ਹੋਇਆ। ਮਸੀਹੀ ਦਾ ਭਾਵ ਹਰ ਤਰ੍ਹਾਂ ਨਾਲ ਸ਼ੁੱਧ ਹੋਇਆ ਭਾਵ ਹਰ ਬੁਰਾਈ ਕੋਲੋਂ ਬਚਿਆ ਹੋਇਆ। ਉਹ ਹੈ ਮਸੀਹ, ਤੁਸੀਂ ਸਾਰੇ ਆਪਣੇ ਅੰਦਰ ਝਾਤੀ ਮਾਰੋ ਤੇ ਵੇਖੋ ਕੀ ਤੁਸੀਂ ਸ਼ੁੱਧ ਹੋਣ ਵਾਲੇ ਕੰਮ ਕਰ ਰਹੇ ਹੋ ਜਾਂ ਨਹੀਂ। ਪਰ ਤੁਸੀਂ ਬਹੁਤ ਗਿਣਤੀ ਵਿੱਚ ਅਜੇ ਸ਼ੁੱਧਤਾ ਕੋਲੋਂ ਬਹੁਤ ਦੂਰ ਹੋ। ਸੋ ਚੰਗਿਆਈਆ ਪਾਉਣ ਲਈ ਪਹਿਲਾਂ ਪ੍ਰਭੂ ਬਚਨਾਂ ਦੀ ਆਗਿਆਕਾਰਤਾ ਕਰਨੀ ਸਿੱਖੋ।

ਤੁਹਾਡੀਆਂ ਆਪਣੀਆਂ ਗਲਤੀਆਂ ਹੀ ਤੁਹਾਡਾ ਬਿਮਾਰੀਆਂ ਕਰਜਦਾਰੀਆਂ ਅਤੇ ਹੋਰ ਕਈ ਤਰ੍ਹਾਂ ਦੇ ਰੂਪਾਂ ਵਿੱਚ ਨੁਕਸਾਨ ਕਰਦੀਆਂ ਹਨ। ਜੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੱਜ ਤੋਂ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਾ, ਚੁਗਲੀ, ਫਰੇਬ, ਚੋਰੀਆਂ ਤੇ ਹਰ ਤਰ੍ਹਾਂ ਦੀਆਂ ਬਦੀਆਂ ਬਦਕਾਰੀਆਂ ਨੂੰ ਛੱਡਣਾ ਪਵੇਗਾ। ਫਿਰ ਤੁਹਾਡੀ ਸਾਰੀ ਜਿੰਦਗੀ ਦੇ ਮਾਲਕ ਪਰਮੇਸ਼ਵਰ ਜੀ ਖੁਦ ਬਣ ਜਾਣਗੇ। ਅਖੀਰ ਵਿੱਚ ਪਾਸਟਰ ਹਰਪ੍ਰੀਤ ਦਿਲ ਜੀ ਨੇ ਕਿਹਾ ਕਿ ਹਮੇਸ਼ਾ ਹੀ ਪਰਮੇਸ਼ਵਰ ਦਾ ਧੰਨਵਾਦ ਕਰਦੇ ਰਿਹਾ ਕਰੋ। ਤਾਂ ਕਿ ਤੁਸੀਂ ਪ੍ਰਭੂ ਜੀ ਕੋਲੋਂ ਹਰ ਤਰ੍ਹਾਂ ਦੀ ਬਰਕਤ ਪਾ ਸਕੋ। ਇਸ ਦੇ ਨਾਲ ਹੀ ਸਾਰੀਆਂ ਸੰਗਤਾਂ ਵਿੱਚ 6 ਨਵੰਬਰ ਨੂੰ ਨੈਸ਼ਨਲ ਪੱਧਰੀ ਕ੍ਰਿਸਮਿਸ ਮਸੀਹ ਮੇਲੇ ਮਹਾਂ ਅਨੰਦ ਦੇ ਉੱਤਸਵ ਲਈ ਭਾਰੀ ਉਤਸਾਹ ਹੋਣ ਲਈ ਪਰਮੇਸ਼ਰ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਵੀ ਕੀਤੀ।

