ਕਪੂਰਥਲਾ 31ਦਿਸੰਬਰ(ਗੌਰਵ ਮੜੀਆ) ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਪਿੰਡ ਬਾਮੂਵਾਲ ਵਿਖੇ ‘ਚਾਰ ਸਾਹਿਬਜ਼ਾਦਿਆਂ ‘ ਦੀ ਸ਼ਹਾਦਤ ਨੂੰ ਸਮਰਪਿਤ ‘ਦਿਵਿਆ ਸੰਦੇਸ਼’ ਨਾਮਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਆਸ਼ੂਤੋਸ਼ ਮਹਾਰਾਜ ਜੀ ਦੇ ਡੇਰੇ ਤੋਂ ਸਵਾਮੀ ਵਿਸ਼ਨੂੰ ਦੇਵਾਨੰਦ ਜੀ ਨੇ ਆਪਣੇ ਪ੍ਰਵਚਨਾਂ ਵਿੱਚ ਕਿਹਾ, ਕਿ ਦਸੰਬਰ ਦਾ ਮਹੀਨਾ ਸਿੱਖ ਇਤਿਹਾਸ ਵਿੱਚ ਕੁਰਬਾਨੀਆਂ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ।ਕੁਰਬਾਨੀਆਂ ਦੀਆਂ ਇਹ ਸਾਰੀਆਂ ਘਟਨਾਵਾਂ ਸਾਨੂੰ ਯਾਦ ਦਿਵਾਉਂਦੀਆਂ ਹਨ , ਕਿ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਸਾਨੂੰ ਹਮੇਸ਼ਾ ਤਲਵਾਰ ਦੀ ਧਾਰ ‘ਤੇ ਚੱਲਣਾ ਪੈਂਦਾ ਹੈ।
ਪਰਮਾਤਮਾ ਅਤੇ ਗੁਰੂ ਦੇ ਪਿਆਰ ਲਈ ਸਿਸ਼ ਨੂੰ ਸਦਾ ਤਲੀ ਤੇ ਸਿਰ ਰੱਖ ਕੇ ਤੁਰਨਾ ਪੈਂਦਾ ਹੈ।ਉਹ ਬਹਾਦਰ ਸ਼ਿਸ ਜੋ ਸੱਚ ਦੇ ਮਾਰਗ ‘ਤੇ ਚੱਲ ਕੇ ਧਰਮ ਦੀ ਸਥਾਪਨਾ ਕਰਨਾ ਚਾਹੁੰਦਾ ਹੈ। ਉਸ ਨੂੰ ਮੌਤ ਦਾ ਡਰ ਤਿਆਗ ਦੇਣਾ ਹੈ। ਸਾਨੂੰ ਚਾਰੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਇਹ ਪ੍ਰੇਰਨਾ ਮਿਲਦੀ ਹੈ, ਕਿ ਧਰਮ ਦੇ ਮਾਰਗ ‘ਤੇ ਚੱਲਣ ਵਾਲਾ ਕਦੇ ਵੀ ਜ਼ੁਲਮ ਦੇ ਡਰ ਤੋਂ ਸਿਰ ਨਹੀਂ ਝੁਕਾਉਂਦਾ ਅਤੇ ਜ਼ੁਲਮ ਦਾ ਡਟ ਕੇ ਮੁਕਾਬਲਾ ਕਰਦਾ ਹੈ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਗਈ ਅਮਰ ਤੇ ਮਹਾਨ ਸ਼ਹਾਦਤ ਦੀ ਮਿਸਾਲ ਦੁਨੀਆਂ ਦੇ ਸਮੁੱਚੇ ਇਤਿਹਾਸ ਵਿੱਚ ਹੋਰ ਕਿਧਰੇ ਨਹੀਂ ਮਿਲਦੀ।ਦੁਨੀਆਂ ਦਾ ਹਰ ਇਨਸਾਨ ਗੁਰੂ ਸਾਹਿਬਾਨ ਦੇ ਬਚਨਾਂ ’ਤੇ ਚੱਲ ਕੇ ਹੀ ਅਜਿਹੀ ਹਿੰਮਤ ਅਤੇ ਨਿਡਰਤਾ ਹਾਸਲ ਕਰ ਸਕਦਾ ਹੈ।
ਸਵਾਮੀ ਜੀ ਨੇ ਆਪਣੇ ਪ੍ਰਵਚਨਾ ਵਿੱਚ ਅੱਗੇ ਕਿਹਾ ਕਿ ਸਾਡੇ ਅੰਦਰ ਨਿਡਰਤਾ ਲਈ ਸਾਨੂੰ ਵੀ ਅਜਿਹੇ ਸਤਿਗੁਰੂ ਦੇ ਚਰਨਾਂ ਦਾ ਆਸਰਾ ਲੈਣਾ ਪਵੇਗਾ, ਜੋ ਸਾਡੇ ਅੰਦਰ ਬ੍ਰਹਮਾ ਦਾ ਗਿਆਨ ਦੇ ਕੇ ਨਿਰਭੈਤਾ ਅਤੇ ਸਾਹਸ ਪੈਦਾ ਕਰ ਸਕਦੇ ਹਨ। ਸਵਾਮੀ ਜੀ ਨੇ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਦਾ ਵਿਕਾਸ ਤੁਹਾਡੇ ਹੱਥਾਂ ਵਿੱਚ ਹੈ, ਸਾਨੂੰ ਵੀ ਆਪਣੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਕੇ ਚੰਗੇ ਕੰਮ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਨਾ ਚਾਹੀਦਾ। ਇਸ ਪ੍ਰੋਗਰਾਮ ਵਿੱਚ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਅਤੇ ਹੋਰ ਮੈਂਬਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮੂਹ ਸੰਗਤ ਨੇ ਬੜੇ ਪਿਆਰ ਅਤੇ ਸ਼ਰਧਾ ਨਾਲ ਸ਼ਬਦ ਕੀਰਤਨ ਦਾ ਆਨੰਦ ਮਾਣਿਆ।

