ਜਲੰਧਰ, 28 ਮਾਰਚ : ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ 2001 ਵਿੱਚ ਪਾਕਿਸਤਾਨ ਛੱਡ ਕੇ 22 ਸਾਲਾਂ ਤੋਂ ਵੱਧ ਸਮੇਂ ਤੋਂ ਜਲੰਧਰ ਵਿੱਚ ਰਹਿ ਰਹੇ ਦੋ ਭਰਾਵਾਂ ਨੂੰ ਨਾਗਰਿਕਤਾ ਸਰਟੀਫਿਕੇਟ ਸੌਂਪੇ। ਗੋਪਾਲ ਚੰਦ ਅਤੇ ਗੁਰਦਿਆਲ ਚੰਦ, ਦੋਵੇਂ ਵਾਸੀ ਬਸਤੀ ਦਾਨਿਸ਼ਮੰਦਾ, ਜੋ ਆਪਣੇ ਪਰਿਵਾਰਾਂ ਸਮੇਤ ਜਲੰਧਰ ਵਿੱਚ ਰਹਿ ਰਹੇ ਹਨ, ਵੱਲੋਂ ਭਾਰਤੀ ਨਾਗਰਿਕਤਾ ਲਈ ਅਪਲਾਈ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਦੋਵਾਂ ਨੂੰ ਨਾਗਰਿਕਤਾ ਦੀ ਸਹੁੰ ਚੁਕਾਈ ਗਈ ਸੀ, ਜਿਸ ਤੋਂ ਬਾਅਦ ਨਾਗਰਿਕਤਾ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੋਪਾਲ ਚੰਦ ਅਤੇ ਗੁਰਦਿਆਲ ਚੰਦ ਦੋਵੇਂ 2001 ਵਿੱਚ ਸਿਆਲਕੋਟ (ਪਾਕਿਸਤਾਨ) ਛੱਡ ਕੇ ਅਟਾਰੀ ਬਾਰਡਰ ਰਾਹੀਂ ਸਮਝੌਤਾ ਐਕਸਪ੍ਰੈਸ ਜ਼ਰੀਏ ਭਾਰਤ ਆਏ ਸਨ। ਉਸ ਸਮੇਂ ਤੋਂ ਇਹ ਜਲੰਧਰ ਵਿੱਚ ਰਹਿ ਰਹੇ ਹਨ, ਇਸ ਲਈ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਦੇ ਯੋਗ ਹਨ। ਉਨ੍ਹਾਂ ਅੱਗੇ ਦੱਸਿਆ ਕਿ ਦੋਵਾਂ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਪ੍ਰਸ਼ਾਸਨ ਨੇ ਸਿਟੀਜ਼ਨਸ਼ਿਪ ਐਕਟ, 1955 ਤਹਿਤ ਇਨ੍ਹਾਂ ਦੀਆਂ ਅਰਜ਼ੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਸਿਟੀਜ਼ਨ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਦੋਵਾਂ ਭਰਾਵਾਂ ਨੇ ਸਿਟੀਜ਼ਨਸ਼ਿਪ ਐਕਟ ਤਹਿਤ ਉਨ੍ਹਾਂ ਦੀਆਂ ਅਰਜ਼ੀਆਂ ‘ਤੇ ਕਾਰਵਾਈ ਕਰਨ ਲਈ ਡਿਪਟੀ ਕਮਿਸ਼ਨਰ ਜਲੰਧਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਲੰਧਰ ਪ੍ਰਸ਼ਾਸਨ ਵੱਲੋਂ ਐਕਟ ਅਧੀਨ ਨਿਰਧਾਰਤ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਲਈ ਉਨ੍ਹਾਂ ਦੀ ਸਕਾਰਾਤਮਕ ਤਰੀਕੇ ਨਾਲ ਸਹਾਇਤਾ ਕੀਤੀ ਗਈ ਹੈ।

