ਡਿਪਟੀ ਕਮਿਸ਼ਨਰ ਵਲੋਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆ
ਜਲੰਧਰ, 11 ਨਵੰਬਰ : ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਤੇ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਇਹ ਤਿਉਹਾਰ ਪੂਰੇ ਉਤਸ਼ਾਹ ਤੇ ਧਾਰਮਿਕ ਭਾਵਨਾਵਾਂ ਨਾਲ ਮਨਾਉਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਜਿਥੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਉਥੇ ਇਹ ਵੀ ਅਪੀਲ ਕੀਤੀ ਕਿ ਦੀਵਾਲੀ ਵਾਲੇ ਦਿਨ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਇਹ ਨੈਤਿਕ ਫਰਜ ਬਣਦਾ ਹੈ ਕਿ ਅਸੀਂ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਦੀਵਾਲੀ ਦਾ ਤਿਉਹਾਰ ਸਭ ਨਾਲ ਮਿਲ ਕੇ ਮਨਾਉਂਦਿਆਂ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਪਟਾਕੇ ਚਲਾਉਣ ਲਈ ਨਿਰਧਾਰਿਤ ਸਮੇਂ ਸ਼ਾਮ 8 ਵਜੇ ਤੋਂ 10 ਵਜੇ ਤੱਕ ਹੀ ਦੀਵਾਲੀ ਵਾਲੇ ਦਿਨ ਪਟਾਕੇ ਚਲਾਏ ਜਾਣ। ਉਨ੍ਹਾਂ ਕਿਹਾ ਕਿ ਸਾਈਲੈਂਸ ਜ਼ੋਨ ਜਿਵੇਂ ਹਸਪਤਾਲਾਂ ਅਤੇ ਵਿਦਿਅਕ ਅਦਾਰਿਆਂ ਦੇ ਨੇਭੇ ਪਟਾਕੇ ਨਾ ਚਲਾਏ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਸੁੱਚੀ ਪਿੰਡ ਦੀ ਹੱਦਬੰਦੀ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਤੇ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਤੇਲ ਟਰਮੀਨਲਾਂ ਦੇ 500 ਗਜ਼ ਦੇ ਘੇਰੇ ਅੰਦਰ ਵੀ ਪਟਾਕੇ ਚਲਾਉਣ ’ਤੇ ਮਨਾਹੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦਿਆ ਆਸ ਪ੍ਰਗਟਾਈ ਕਿ ਰੌਸ਼ਨੀਆਂ ਦਾ ਇਹ ਤਿਉਹਾਰ ਸਭ ਦੇ ਜੀਵਨ ਵਿੱਚ ਖ਼ੁਸੀਆਂ ਤੇ ਤਰੱਕੀਆਂ ਲੈ ਕੇ ਆਵੇ।

