ਜਲੰਧਰ/16 ਨਵੰਬਰ : ਸੀਪੀਆਈ (ਐਮ) ਵੱਲੋਂ ਇੱਥੋਂ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗ਼ਦਰ ਲਹਿਰ ਦੇ ਪਹਿਲੇ 7 ਸ਼ਹੀਦਾਂ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਵਿਸ਼ਣੂ ਗਣੇਸ਼ ਪਿੰਗਲੇ, ਸ਼ਹੀਦ ਜਗਤ ਸਿੰਘ, ਸ਼ਹੀਦ ਹਰਨਾਮ ਸਿੰਘ ਸਿਆਲਕੋਟੀ, ਸ਼ਹੀਦ ਬਖਸ਼ੀਸ਼ ਸਿੰਘ, ਸ਼ਹੀਦ ਸੁਰਾਇਣ ਸਿੰਘ (ਵੱਡਾ) ਤੇ ਸ਼ਹੀਦ ਸੁਰਾਇਣ ਸਿੰਘ (ਛੋਟਾ) ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ।

ਸਮਾਗਮ ਵਿੱਚ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਤੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਸੂਬਾ ਸਕੱਤਰੇਤ ਮੈਂਬਰ ਲਹਿੰਬਰ ਸਿੰਘ ਤੱਗੜ, ਭੂਪ ਚੰਦ ਚੰਨੋ, ਗੁਰਦਰਸ਼ਨ ਸਿੰਘ ਖਾਸਪੁਰ, ਰਾਮ ਸਿੰਘ ਨੂਰਪੁਰੀ, ਸੁੱਚਾ ਸਿੰਘ ਅਜਨਾਲਾ, ਮੇਜਰ ਸਿੰਘ ਭਿੱਖੀਵਿੰਡ, ਰੂਪ ਬਸੰਤ ਸਿੰਘ ਬੜੈਚ, ਗੁਰਨੇਕ ਸਿੰਘ ਭੱਜਲ, ਬਲਬੀਰ ਸਿੰਘ ਜਾਡਲਾ, ਸੁਖਪ੍ਰੀਤ ਸਿੰਘ ਜੌਹਲ ਤੇ ਅਬਦੁਲ ਸਤਾਰ ਸ਼ਾਮਲ ਹੋਏ।

ਇਸ ਦੌਰਾਨ ਸਮਾਗਮ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਸੀਤਲ ਸਿੰਘ ਸੰਘਾ ਵੱਲੋਂ ਉਦਘਾਟਨੀ ਭਾਸ਼ਣ ਦਿੱਤਾ ਗਿਆ। ਇਸੇ ਤਰ੍ਹਾਂ ਪਿਰਥੀਪਾਲ ਸਿੰਘ ਮਾੜੀਮੇਘਾ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਿਆ ਗਿਆ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ ਨੇ ਨਿਭਾਈ। ਸਮਾਗਮਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਨਿਲੋਤਪਾਲ ਬਾਸੂ ਅਤੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਅਸੀਂ ਜੋ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਹੋਰ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਭਰ ਜਵਾਨੀ ਵਿੱਚ ਸ਼ਹਾਦਤਾਂ ਦਾ ਜਾਮ ਪੀਤਾ। ਆਗੂਆਂ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਵਿਸ਼ਣੂ ਗਣੇਸ਼ ਪਿੰਗਲੇ, ਸ਼ਹੀਦ ਜਗਤ ਸਿੰਘ, ਸ਼ਹੀਦ ਹਰਨਾਮ ਸਿੰਘ ਸਿਆਲਕੋਟੀ, ਸ਼ਹੀਦ ਬਖਸ਼ੀਸ਼ ਸਿੰਘ, ਸ਼ਹੀਦ ਸੁਰਾਇਣ ਸਿੰਘ (ਵੱਡਾ) ਤੇ ਸ਼ਹੀਦ ਸੁਰਾਇਣ ਸਿੰਘ (ਛੋਟਾ) ਨੇ 16 ਨਵੰਬਰ, 1915 ਨੂੰ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ, ਸੈਂਟਰਲ ਜੇਲ੍ਹ ਲਾਹੌਰ ਵਿੱਚ ਸ਼ਹਾਦਤ ਦਾ ਜਾਮ ਪੀਤਾ।

ਉਨ੍ਹਾਂ ਕਿਹਾ ਕਿ ਇਹ 7 ਗ਼ਦਰ ਲਹਿਰ ਦੇ ਪਹਿਲੇ ਸ਼ਹੀਦ ਸਨ। ਆਗੂਆਂ ਨੇ ਕਿਹਾ ਕਿ ਸ਼ਹੀਦਾਂ ਨੇ ਜਿਹੜੇ ਸਮਾਜ ਦਾ ਸੁਫ਼ਨਾ ਲਿਆ ਸੀ, ਉਹ ਅੱਜ ਵੀ ਅਧੂਰਾ ਹੈ। ਕਾਮਰੇਡ ਬਾਸੂ ਤੇ ਸੇਖੋਂ ਨੇ ਕਿਹਾ ਕਿ ਰੂਸ ਯੂਕਰੇਨ ਜੰਗ ਵਿੱਚ ਅਮਰੀਕਾ ਸਣੇ ਸਾਰੇ ਨਾਟੋ ਮੁਲਕ ਇੱਥੇ ਨਾਟੋ ਦਾ ਅੱਡਾ ਬਣਾਉਣਾ ਚਾਹੁੰਦੇ ਸਨ ਤਾਂ ਜੋ ਇੱਥੋਂ ਦੇ ਕੁਦਰਤੀ ਸਰੋਤਾਂ ’ਤੇ ਕਬਜ਼ਾ ਕੀਤਾ ਜਾ ਸਕੇ। ਆਗੂਆਂ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਫ਼ਲਸਤੀਨੀਆਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਇੱਥੇ ਯੂਐਨਓ ਦੀਆਂ ਹਦਾਇਤਾਂ ’ਤੇ ਵੀ ਅਮਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਫ਼ਲਸਤੀਨੀਆਂ ਦਾ ਕਤਲੇਆਮ ਤੁਰੰਤ ਰੁਕਣਾ ਚਾਹੀਦਾ ਹੈ

ਆਗੂਆਂ ਨੇ ਕਿਹਾ ਕਿ ਭਾਰਤ ਭਾਵੇਂ ਪਹਿਲਾਂ ਕਿਸੇ ਗੁੱਟ ਤੋਂ ਨਿਰਲੇਪ ਰਿਹਾ ਹੋਵੇ, ਪਰ ਇਸ ਦਾ ਸਟੈਂਡ ਹਮੇਸ਼ਾ ਵਧੀਕੀ ਕਰਨ ਵਾਲੇ ਦੇ ਖ਼ਿਲਾਫ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਦੇਸ਼ ਦੇ ਜਨਤਕ ਖੇਤਰ ਨੂੰ 100 ਕਾਰਪੋਰੇਟ ਘਰਾਣਿਆਂ ਨੂੰ ਲੁਟਾਇਆ ਜਾ ਰਿਹਾ ਹੈ। ਦੇਸ਼ ਦੇ 73 ਪ੍ਰਤੀਸ਼ਤ ਧਨ ’ਤੇ 100 ਕਾਰਪੋਰੇਟ ਘਰਾਣੇ ਕਾਬਜ਼ ਹਨ ਤੇ ਸਿਰਫ਼ 23 ਪ੍ਰਤੀਸ਼ਤ ਦੌਲਤ ’ਤੇ ਦੇਸ਼ ਦੇ ਹੋਰ ਵਰਗ ਗੁਜ਼ਾਰਾ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਸਿਰਫ਼ ਕਾਰਪੋਰੇਟ ਘਰਾਣਿਆਂ ਦਾ ਫ਼ਿਕਰ ਹੈ,

ਇਸ ਵੱਲੋਂ ਇਨ੍ਹਾਂ ਨੂੰ ਲਾਭ ਪਹੁੰਚਾਉਣ ਲਈ ਕੋਈ ਮੌਕਾ ਨਹੀਂ ਖੁੰਝਾਇਆ ਜਾਂਦਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਮਹਿੰਗਾਈ ਤੇ ਬੇਰੁਜ਼ਗਾਰੀ ਆਪਣੇ ਸਾਰੇ ਰਿਕਾਰਡ ਤੋੜ ਚੁੱਕੀ ਹੈ। ਨੌਜਵਾਨ ਵਰਗ ਪੜ੍ਹ-ਲਿਖ ਕੇ ਵੀ ਵਿਹਲਾ ਘੁੰਮ ਰਿਹਾ ਹੈ। ਆਮ ਵਿਅਕਤੀ ਲਈ ਦੋ ਡੰਗ ਦੀ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮੋਦੀ ਸਰਕਾਰ ਵੱਲੋਂ ਲੋਕਾਂ ਦੀ ਨਿੱਜਤਾ ’ਤੇ ਹਮਲੇ ਕੀਤੇ ਜਾ ਰਹੇ ਹਨ ਤੇ ਇਸ ਲਈ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਨਿੰਦਣਯੋਗ ਹੈ।

ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕੋਲ 2024 ਦੀਆਂ ਆਮ ਚੋਣਾਂ ਲਈ ਲੋਕਾਂ ਨੂੰ ਦੱਸਣ ਲਈ ਕੋਈ ਪ੍ਰਾਪਤੀ ਨਹੀਂ ਹੈ। ਇਸ ਲਈ ਮੋਦੀ ਸਰਕਾਰ ਇਹ ਚੋਣਾਂ ਜਿੱਤਣ ਲਈ ਫ਼ਿਰਕੂ ਧਰੁਵੀਕਰਨ ਦਾ ਪੱਤਾ ਖੇਡਣ ਦੀ ਤਾਕ ਵਿੱਚ ਹੈ। ਉਨ੍ਹਾਂ ਕਿਹਾ ਕਿ ਫ਼ਿਰਕੂ-ਕਾਰਪੋਰੇਟ ਗੱਠਜੋੜ ਨੂੰ ਹਰਾਉਣ ਲਈ ਧਰਮ ਨਿਰਪੱਖ਼ ਤੇ ਜਮਹੂਰੀ ਸ਼ਕਤੀਆਂ ਨੂੰ ਇੱਕ ਪਲੇਟ ਫਾਰਮ ’ਤੇ ਇਕੱਠਾ ਹੋਣਾ ਹੋਵੇਗਾ। ਆਗੂਆਂ ਨੇ ਕਿਹਾ ਕਿ ਸ਼ਹੀਦਾਂ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਤੁਰ ਕੇ ਫ਼ਿਰਕਾਪ੍ਰਸਤੀ ਖ਼ਿਲਾਫ਼ ਲੜਿਆ ਜਾਵੇ।

ਇਸ ਦੌਰਾਨ ਪੰਜਾਬ ਦੀ ਗੱਲ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਦੀ ਪੰਡ ਭਾਰੀ ਕਰਕੇ ਸਰਕਾਰ ਚਲਾਈ ਜਾ ਰਹੀ ਹੈ ਕਾਮਰੇਡ ਸੇਖੋਂ ਨੇ ਕਿਹਾ ਕਿ ਸੂਬੇ ਵਿੱਚ ਹਰੇਕ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਘਟਣ ਦੀ ਥਾਂ ਪਹਿਲਾਂ ਨਾਲੋਂ ਵਧਿਆ ਹੈ। ਇਸੇ ਤਰ੍ਹਾਂ ਅਮਨ ਕਾਨੂੰਨ ਦੀ ਸਥਿਤੀ ਦਿਨੋਂ ਦਿਨ ਨਿਘਰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਪਿਛਲੇ ਦਿਨੀਂ ਕੀਤੀ ਇੱਕ ਤਰਫ਼ਾ ਬਹਿਸ ਵਿੱਚ ਐਸਵਾਈਐਲ ਦਾ ਮੁੱਦਾ ਰੱਖਿਆ ਹੀ ਨਹੀਂ ਗਿਆ। ਉਨ੍ਹਾਂ ਕਿਹਾ ਕਿ ਸੀਪੀਆਈ (ਐਮ) ਦੀ ਇਹ ਮੰਗ ਹੈ ਕਿ ਇਸ ਮੁੱਦੇ ’ਤੇ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ, ਜਿਸ ਵਿੱਚ ਸਾਂਝੀ ਰਾਇ ਬਣਾ ਕੇ ਪਾਣੀਆਂ ਦੇ ਮੁੱਦੇ ਦਾ ਹੱਲ ਲੱਭਿਆ ਜਾਵੇ।

ਇਸ ਦੌਰਾਨ ਕਾਮਰੇਡ ਸੇਖੋਂ ਨੇ ਦੱਸਿਆ ਕਿ ਪਾਰਟੀ ਵੱਲੋਂ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਲੈ ਕੇ 1 ਤੋਂ 15 ਦਸੰਬਰ ਤੱਕ ਸੂਬਾ ਪੱਧਰੀ ਜਥਾ ਮਾਰਚ ਕੀਤਾ ਜਾਵੇਗਾ। ਇਹ ਮਾਰਚ 1 ਦਸੰਬਰ ਨੂੰ ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗਾ ਅਤੇ 15 ਦਸੰਬਰ ਨੂੰ ਇਸ ਦੀ ਸਮਾਪਤੀ ਹੁਸੈਨੀਵਾਲਾ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ 5 ਲੱਖ ਲੋਕਾਂ ਤੋਂ ਦਸਤਖ਼ਤ ਕਰਵਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਇੱਕ ਸੋਗ ਮਤਾ ਪਾ ਕੇ ਪਾਰਟੀ ਦੇ ਬਜ਼ੁਰਗ ਕਮਿਊਨਿਸਟ ਕਾਮਰੇਡ ਬਾਸੂਦੇਵ ਅਚਾਰੀਆ ਤੇ ਕਾਮਰੇਡ ਐਨ. ਸੰਕਾਰੀਆ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਕਾਮਰੇਡ ਨਿਲੋਤਪਾਲ ਬਾਸੂ ਨੂੰ ਪਾਰਟੀ ਦੇ ਕੇਂਦਰੀ ਫੰਡ ਲਈ 2 ਲੱਖ ਰੁਪਏ ਦੀ ਥੈਲੀ ਭੇਂਟ ਕੀਤੀ ਗਈ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਮੇਜਰ ਸਿੰਘ ਭਿਖੀਵਿੰਡ ਨੇ ਸਮਾਗਮ ਵਿੱਚ ਆਏ ਸਮੂਹ ਸਾਥੀਆਂ ਤੇ ਭੈਣਾਂ ਦਾ ਧੰਨਵਾਦ ਕੀਤਾ।

