ਕਿਹਾ-ਕੇਂਦਰ ਸਰਕਾਰ ਕਿਸਾਨੀ ਮਸਲਿਆਂ ਦਾ ਗੱਲਬਾਤ ਰਾਹੀਂ ਹੱਲ ਕੱਢਣ ਦੀ ਥਾਂ ਲਾਠੀ ਗੋਲੀ ਦੇ ਰਾਹ ਪਈ ਹੋਈ ਹੈ
ਕਪੂਰਥਲਾ(ਗੌਰਵ ਮੜੀਆ )ਹੱਕੀ ਮੰਗਾਂ ਦੀ ਪੂਰਤੀ ਲਈ ਕੇਂਦਰ ਦੀਆਂ ਲੋਕ-ਮਾਰੂ ਨੀਤੀਆਂ ਖ਼ਿਲਾਫ਼ ਦਿੱਲੀ ਕੂਚ ਕਰ ਰਹੇ ਕਿਸਾਨਾਂ ਤੇ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਹਰਿਆਣਾਂ ਪੁਲਿਸ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਕਰਨ ਤੇ ਅੱਥਰੂ ਗੈਸ ਤੇ ਰਬੜ ਦੀਆਂ ਗੋਲੀਆਂ ਨਾਲ ਕਈ ਕਿਸਾਨਾਂ ਨੂੰ ਜ਼ਖ਼ਮੀ ਕਰਨ ਦੀ ਆਮ ਆਦਮੀ ਪਾਰਟੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਅਜਿਹਾ ਵਰਤਾਰਾ ਜਮਹੂਰੀ ਹੱਕਾਂ ਹਕੂਕਾਂ ਦਾ ਘਾਣ ਹੈ।ਮੋਦੀ ਸਰਕਾਰ ਨੂੰ ਇਸਦਾ ਖਮਿਆਜ਼ਾ ਭਵਿੱਖ ਵਿੱਚ ਭੁਗਤਣਾ ਪਵੇਗਾ।ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ।
ਕੇਂਦਰ ਸਰਕਾਰ ਗੈਰ ਕਾਨੂੰਨੀ ਤਰੀਕੇ ਨਾਲ ਪੁਲਿਸ ਨੂੰ ਹਥਿਆਰ ਬਣਾ ਕੇ ਵਰਤ ਰਹੀ ਹੈ।ਉਹਨਾਂ ਨੇ ਕਿਹਾ ਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੈ।ਇੰਡੀਅਨ ਨੇ ਕਿਹਾ ਕਿ ਕਿਸਾਨਾਂ ਉਪਰ ਅਥਰੂ ਗੈਸ ਆਦੀ ਦੀ ਵਰਤੋਂ ਨਾਲ ਲਗਾਤਾਰ ਕਈਆਂ ਦੀਆਂ ਅੱਖਾਂ ਦਾ ਨੁਕਸਾਨ ਹੋਇਆ ਹੈ ਕਈਆਂ ਦੀ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਹੈ।ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਗੈਰ ਕਾਨੂਨੀ ਤਰੀਕੇ ਨਾਲ ਪੁਲਿਸ ਨੂੰ ਹਥਿਆਰ ਬਣਾਇਆ ਹੈ,ਅਸੀਂ ਇਸਦੀ ਨਿੰਦਾ ਕਰਦੇ ਹਾਂ।ਪੰਜਾਬੀ ਹਮੇਸ਼ਾ ਤੋਂ ਦੇਸ਼ ਲਈ ਰਾਹਾ ਬਣੇ ਹਨ ਅਤੇ ਆਪਣੇ ਹੱਕਾਂ ਲਈ ਲੜਨ ਵਾਲੇ ਲੋਕ ਹਨ।

ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਦੇ ਜੰਮੇ ਹਾਂ।ਉਹਨ੍ਹਾਂ ਕਿਹਾ ਕੇਂਦਰ ਦੀ ਭਗਵਾਂ ਸਰਕਾਰ ਵੱਲੋਂ ਜਮਹੂਰੀਅਤ ਤੇ ਸੰਵਿਧਾਨਕ ਤੌਰ ਤੇ ਮਿਲੇ ਮੁਢਲੇ ਹੱਕਾਂ ਦਾ ਦਿਨ-ਦਿਹਾੜੇ ਕਤਲ ਕੀਤਾ ਗਿਆ ਹੈ।ਪੰਜਾਬ ਤੇ ਹਰਿਆਣੇ ਨੂੰ ਭਾਰਤ-ਪਾਕਿ ਬਾਰਡਰ ਬਣਾ ਦਿੱਤਾ ਗਿਆ ਹੈ।ਇੰਡੀਅਨ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮਸਲਿਆਂ ਦਾ ਗੱਲਬਾਤ ਰਾਹੀਂ ਹੱਲ ਕੱਢਣ ਦੀ ਥਾਂ ਲਾਠੀ ਗੋਲੀ ਦੇ ਰਾਹ ਪਈ ਹੋਈ ਹੈ।ਸਰਕਾਰ ਦੀਆਂ ਸਾਮਰਾਜਵਾਦੀ ਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਗਰੀਬੀ,ਬੇਰੁਜ਼ਗਾਰੀ,ਅਲਪ ਰੁਜ਼ਗਾਰ ਤੇ ਮਹਿੰਗਾਈ ਵਰਗੀਆਂ ਅਲਾਮਤਾਂ ਲਗਾਤਾਰ ਵਧ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਿਸਾਨ ਖੇਤੀ ਦੇ ਕਾਲੇ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਬਾਕੀ ਰਹਿੰਦੀਆਂ ਮੰਗਾਂ ਸਬੰਧੀ ਪਿਛਲੇ ਦੋ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਪ੍ਰਵਾਨ ਮੰਗਾਂ ਨੂੰ ਲਾਗੂ ਕਰਨ ਸਬੰਧੀ ਕਿਸਾਨਾਂ ਦੇ ਸੰਗਠਨਾਂ ਨਾਲ ਗੱਲਬਾਤ ਤੱਕ ਕਰਨ ਲਈ ਤਿਆਰ ਨਹੀਂ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਜਬਰ ਜ਼ੁਲਮ ਵਾਲਾ ਰਸਤਾ ਛੱਡਕੇ ਕਿਰਤੀਆਂ-ਕਿਸਾਨਾਂ ਨਾਲ ਗੱਲਬਾਤ ਦਾ ਸਾਜ਼ਗਾਰ ਮਾਹੌਲ ਬਣਾਉਣ ਵੱਲ ਤੁਰਨਾ ਚਾਹੀਦਾ ਹੈ ਅਤੇ ਸਾਰੀਆਂ ਮੰਨੀਆਂ ਮੰਗਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ।

